Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੁੰਡਾ-ਟੈਕਸ ਤੇ ਗੈਂਗਸਟਰ ਲਫਜ਼ ਨਹੀਂ ਸੀ ਸੁਣੇ ਪੰਜਾਬ ਨੇ (ਖਾਸ ਰਿਪੋਰਟ)

ਗੁੰਡਾ-ਟੈਕਸ ਤੇ ਗੈਂਗਸਟਰ ਲਫਜ਼ ਨਹੀਂ ਸੀ ਸੁਣੇ ਪੰਜਾਬ ਨੇ (ਖਾਸ ਰਿਪੋਰਟ)

-ਗੁਰਪ੍ਰੀਤ ਸਿੰਘ ਮੰਡਿਆਣੀ

ਅੱਜ ਤੋਂ 20 ਸਾਲ ਪਹਿਲਾਂ ਪੰਜਾਬ ‘ਚ ਕਿਸੇ ਨੇ ਗੁੰਡਾ ਟੈਕਸ ਤੇ ਗੈਂਗਸਟਰ ਲਫਜ਼ ਨਹੀਂ ਸੀ ਸੁਣੇ ਜੀਹਨਾਂ ਦੀ ਪੰਜਾਬ ‘ਚ ਅੱਜ ਕੱਲ੍ਹ ਪੂਰੀ ਮਸ਼ਹੂਰੀ ਹੈ। ਬਠਿੰਡਾ ਤੇਲ ਰਿਫਾਇਨਰੀ ਮੂਹਰੇ ਟਰੱਕਾਂ ਤੋਂ ਵਸੂਲੇ ਜਾਂਦੇ ਗੰੁਡਾ ਟੈਕਸ ਬਾਬਤ ਆਈਆਂ ਤਾਜ਼ਾ ਖਬਰਾਂ ਕਰਕੇ ਗੁੰਡਾ ਟੈਕਸ ਅੱਜ ਕੱਲ੍ਹ ਸੁਰਖੀਆਂ ਵਿੱਚ ਹੈ ਤੇ ਵਿੱਕੀ ਗੌਂਡਰ ਦੇ ਪੁਲਿਸ ਹੱਥੋਂ ਮਾਰੇ ਜਾਣ ਕਰਕੇ ਗੈਂਗਸਟਰ ਲਫਜ਼ ਵੀ ਮੀਡੀਆ ਵਿੱਚ ਪੂਰਾ ਵਰਤਿਆ ਜਾ ਰਿਹਾ ਹੈ।

ਅਮੂਨਨ ਸੰਨ 2000 ਜਾਂ 2001 ਦੀ ਗੱਲ ਹੋਊਗੀ ਅਸੀਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਮਰਹੂਮ ਮੱਲ ਸਿੰਘ ਘੁਮਾਣ ਕੋਲ ਮੱੁਲਾਂਪੁਰ ਦਾਖਾ ਦੇ ਉਨ੍ਹਾਂ ਦੀ ਮਾਲਕੀ ਵਾਲੇ ਕਾਲਜ ਦੇ ਵਿਹੜੇ ‘ਚ ਇੱਕ ਦਿਨ ਸ਼ਾਮ ਨੂੰ ਬੈਠੇ ਸੀ। ਉਨ੍ਹੀ ਦਿਨੀਂ ਮੁੱਲਾਂਪੁਰ-ਹੰਬੜਾਂ ਸੜਕ ਨੂੰ ਮੰਡੀ ਬੋਰਡ ਚੌੜੀ ਕਰ ਰਿਹਾ ਸੀ। ਸੜਕ ਉਸਾਰੀ ਦਾ ਮਤੱਲਕਾ ਠੇਕੇਦਾਰ ਘੁਮਾਣ ਸਾਬ ਕੋਲ ਫਰਿਆਦੀ ਮੂਡ ਵਿੱਚ ਆਇਆ ਤੇ ਆਖਣ ਲੱਗਿਆ ਕਿ ਚੇਅਰਮੈਨ ਸਾਬ ਕਿ ਸਾਨੂੰ ਇੱਕ ਨਵੀਂ ਸਮੱਸਿਆ ਆ ਖੜੀ ਹੈ ਉਹਦਾ ਹੱਲ ਕਰਾਓ। ਠੇਕੇਦਾਰ ਬਾਘੇ ਪੁਰਾਣੇ ਨੇੜਲਾ ਕੋਈ ਬਾਬੂ ਜੀ ਸੀ। ਉਹ ਕਹਿੰਦਾ ਕਿ ਮੈਂ ਜਿੱਥੋਂ ਪੱਥਰ ਦੇ ਵੱਟਿਆਂ ਦੀ ਸਪਲਾਈ ਮਗਾਉਂਦਾ ਹਾਂ ਉਹ ਕਹਿੰਦੇ ਨੇ ਕਿ ਹੁਣ ਟਰੱਕਾਂ ‘ਤੇ ਇੱਕ ਹੋਰ ਟੈਕਸ ਲੱਗ ਗਿਆ ਹੈ ਜਿਸ ਕਰਕੇ ਵੱਟੇ ਮਹਿੰਗੇ ਮਿਲਣਗੇ। ਜੇ ਤੂੰ ਆਪਦੀ ਪਹੁੰਚ ਕਰਕੇ ਇਹ ਟੈਕਸ ਤੋਂ ਛੋਟ ਲੈ ਸਕੇ ਤਾਂ ਪਹਿਲਾ ਭਾਅ ਹੀ ਲੱਗੂਗਾ। ਘੁਮਾਣ ਸਾਬ ਨੇ ਪੁੱਛਿਆ ਕਿਹੜਾ ਟੈਕਸ? ਠੇਕੇਦਾਰ ਨੇ ਜਵਾਬ ਦਿੱਤਾ ਜੀ! ਟਰੱਕਾਂ ਆਲੇ ਤਾਂ ਇਹਨੂੰ ਗੁੰਡਾ ਪਰਚੀ ਕਹਿੰਦੇ ਨੇ।

ਮੇਰੇ ਦਰਿਆਫਤ ਕਰਨ ‘ਤੇ ਪਤਾ ਲੱਗਿਆ ਕਿ ਇਹ ਲਫਜ਼ ਟਰੱਕਾਂ ਆਲੇ ਆਪਦੇ ਯੂ.ਪੀ. ਬਿਹਾਰ ਦੇ ਤਜ਼ਰਬੇ ਤੋਂ ਲੈ ਕੇ ਆਏ ਸਨ। ਯੂ.ਪੀ. ਬਿਹਾਰ ਵਿੱਚ ਉਹਤੋਂ ਬਹੁਤ ਪਹਿਲਾਂ ਗੁੰਡੇ ਟਰੱਕਾਂ ਤੋਂ ਜ਼ਬਰੀ ਵਸੂਲੀ ਕਰਨ ਵੇਲੇ ਇੱਕ ਰਸੀਦਨੁਮਾ ਪਰਚੀ ਦਿੰਦੇ ਸੀ ਇਹਨੂੰ ਟਰੱਕਾਂ ਆਲੇ ਗੁੰਡਾ ਪਰਚੀ ਕਹਿੰਦੇ ਸੀ। ਮੁੱਲਾਂਪੁਰ ਦਾਖਾ ਤੋਂ ਟਰੱਕਾਂ ਦੇ ਕਾਰੋਬਾਰ ਨਾਲ ਲੰਬੇ ਸਮੇਂ ਤੱਕ ਬਾ-ਵਸਤਾ ਰਹੇ ਹਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਕਿਸਮ ਦਾ ਗੰੁਡਾ ਟੈਕਸ ਅੱਧ ਯੂ.ਪੀ. ਤੋਂ ਜਾ ਕੇ ਸ਼ੁਰੂ ਹੁੰਦਾ ਸੀ। ਗੰੁਡੇ ਬਕਾਇਦਾ ਬੈਰੀਅਰ ਲਾ ਕੇ ਟਰੱਕ ਘੇਰਦੇ ਹੁੰਦੇ ਸੀ ਤੇ ਫ਼ੀਸ ਲੈ ਕੇ ਹੀ ਅਗਾਂਹ ਤੁਰਨ ਦਿੰਦੇ ਸੀ। ਸੇਖੋਂ ਨੇ ਦੱਸਿਆ ਕਿ ਜਿੱਥੇ ਵਿਧਾਨ ਸਭਾ ਹਲਕੇ ਦੀ ਨਵੀਂ ਹੱਦ ਸ਼ੁਰੂ ਹੁੰਦੀ ਸੀ ਲੱਗਭੱਗ ਉਥੇ ਨਵਾਂ ਬੈਰੀਅਰ ਹੁੰਦਾ ਸੀ। ਇਥੋਂ ਜ਼ਾਹਰ ਹੈ ਕਿ ਇਸ ਜਜ਼ੀਆ ਨੁਮਾ ਵਸੂਲੀ ਨੂੰ ਮੁਕਾਮੀ ਐਮ.ਐਲ.ਏ. ਦੀ ਪੁਸ਼ਤਪੁਨਾਹੀ ਜ਼ਰੂਰ ਹੁੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ 1985 ਤੋਂ 1990 ਤੱਕ ਟੈਕਸ ਦੀ ਸ਼ਰਾ 10-20 ਰੁਪਏ ਤੱਕ ਹੀ ਸੀ। ਘੁਮਾਣ ਸਾਬ ਨੇ ਪੁੱਛਿਆ ਕਿ ਇਹ ਟੈਕਸ ਕਿਹੜੀ ਅਥੌਰਟੀ ਲੈਂਦੀ ਹੈ ਤਾਂ ਠੇਕੇਦਾਰ ਨੇ ਪੰਜਾਬ ‘ਚ ਹਕੂਮਤ ਕਰਦੀ ਪਾਰਟੀ ਦੇ ਇੱਕ ਲੀਡਰ ਦਾ ਨੌ ਲਿਆ। ਹਾਂ ਡੀ.ਟੀ.ਓ./ਆਰ.ਟੀ.ਓ. ਦਫ਼ਤਰਾਂ ਅਤੇ ਟਰੈਫਿਕ ਪੁਲਿਸ ਵੱਲੋਂ ਇਸ ਕਿਸਮ ਦੀਆਂ ਉਗਰਾਹੀਆਂ ਤਾਂ ਟਰੱਕਾਂ ਤੋਂ ਬੜੇ ਚਿਰ ਦੀਆਂ ਚਲਦੀਆਂ ਸੀ ਪਰ ਇਹ ਨਵੀਂ ਕਿਸਮ ਦੀ ਵਸੂਲੀ ਦਾ ਦਸਤੂਰ ਉਦੋਂ ਹੀ ਪਹਿਲੀ ਵਾਰ ਚੱਲਿਆ ਸੀ।

ਬਿਹਾਰ ਦੀ ਤਰਜ਼ ‘ਤੇ ਟਰੱਕਾਂ ਵਾਲੇ ਤਾਂ ਪੰਜਾਬ ‘ਚ ਵੀ ਇਸ ਵਸੂਲੀ ਨੂੰ ਗੁੰਡਾ ਪਰਚੀ ਜਾਂ ਗੁੰਡਾ ਟੈਕਸ ਦਾ ਨੌ ਦੇਣ ਲੱਗੇ ਸੀ। ਪਰ ਅਖਬਾਰਾਂ ਵਿੱਚ ਗੰੁਡਾ ਟੈਕਸ ਦੀ ਗੱਲ ਬੜੀ ਲੇਟ ਛਪਣੀ ਸ਼ੁਰੂ ਹੋਈ ਉਹ ਵੀ ਕਿਤੇ-ਕਿਤੇ ਟਾਂਵੀ-ਟੱਲੀ ਤੇ ਇਹਨੂੰ ਜ਼ਬਰੀ ਵਸੂਲੀ ਲਿਿਖਆ ਜਾਂਦਾ ਸੀ। ਗੁੰਡਾ ਟੈਕਸ ਦਾ ਨੌ ਤਾਂ ਹੁਣ ਹੀ ਗੱਜ-ਵੱਜ ਕੇ ਸਾਹਮਣੇ ਆਇਆ ਹੈ ਜਦੋਂ ਗੁੰਡਿਆਂ ਨੇ ਤੇਲ ਰਿਫਾਇਨਰੀ ਮੂਹਰੇ ਤੰਬੂ ਗੱਡ ਕੇ ਬਕਾਇਦਾ ਨਾਕੇ ਲਾਏ। ਜਦੋਂ ਪੰਜਾਬ ‘ਚ ਕਿਤੇ ਲਾ-ਕਾਨੂੰਨੀ ਦੇਖਣ ‘ਚ ਆਉਦੀ ਸੀ ਤਾਂ ਇਹ ਤਨਜ਼ ਮਾਰੀ ਜਾਂਦੀ ਸੀ ਕਿ ਪੰਜਾਬ ਵੀ ਬਿਹਾਰ ਹੀ ਬਣਦਾ ਜਾ ਰਿਹਾ ਹੈ।

ਏਮੇ ਜਿਮੇਂ ਗੁੰਡਾ ਲਫਜ਼ ਵੀ ਪੰਜਾਬ ਵਿੱਚ ਨਹੀਂ ਸੀ ਹੁੰਦਾ। ਹਿੰਦੀ ਫਿਲਮਾਂ ਰਾਂਹੀ ਹੀ ਪੰਜਾਬ ਦੇ ਲੋਕ ਗੁੰਡਾ ਤੇ ਬਦਮਾਸ਼ ਲਫਜ਼ਾਂ ਤੋਂ ਮਾੜਾ-ਮੋਟਾ ਜਾਣੂ ਹੋਏ। ਪੰਜਾਬ ਵਿੱਚ ਗੰਡਾਸਿਆਂ ਤੇ ਰਫ਼ਲਾਂ ਦੇ ਜ਼ੋਰ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਬਇਲੀ ਆਖਿਆ ਜਾਂਦਾ ਸੀ। ਇਹ ਗੱਲ ਪੁਰਾਣੇ ਗਾਣਿਆਂ ਤੋਂ ਵੀ ਜ਼ਾਹਿਰ ਹੈ। ਜਿਮੇਂ ਆਰੀ ਆਰੀ ਆਰੀ ਵਿੱਚ ਜਗਰਾਮਾਂ ਦੇ ਲੱਗਦੀ ਰੋਸ਼ਨੀ ਭਾਰੀ। ਬਇਲੀਆਂ ਦਾ ਕੱਠ ਹੋ ਗਿਆ ਉਥੇ ਬੋਤਲਾਂ ਮੰਗਾਂ ਲੀਆਂ ਚਾਲੀ। ਨਮੇਂ ਜ਼ਮਾਨੇ ਦਾ ਵੀ ਇੱਕ ਰਿਕਾਰਡ ਹੈ ”ਬਇਲੀ ਬਣ ਮਿੱਤਰਾ ਬੜੇ ਡਰਾਬੇ ਜਰ ਲੇ। ਪੰਜਾਬ ‘ਚ ਬਦਮਾਸ਼ ਲਫਜ਼ ਵੀ ਨਫ਼ਰਤ ਦਾ ਪਾਤਰ ਰਿਹਾ ਹੈ। ਕੋਈ ਧੱਕੜ ਆਪਦੇ ਆਪ ਨੂੰ ਬਇਲੀ ਅਖਵਾਉਣ ‘ਚ ਤਾਂ ਹੁੱਬ ਮਹਿਸੂਸ ਕਰਦਾ ਸੀ ਪਰ ਬਦਮਾਸ਼ ਅਖਵਾਉਣ ਪਸੰਦ ਨਹੀਂ ਸੀ ਕਰਦਾ। ਧੱਕੜਾਂ ਦੀਆਂ ਪਾਰਟੀਆਂ ਨੂੰ ਕੋਈ ਬਦਮਾਸ਼ਾਂ ਦੀ ਪਾਰਟੀ ਨਹੀਂ ਸੀ ਕਹਿੰਦਾ ਬਲਕਿ ਉਨ੍ਹਾਂ ਦੇ ਮੁਖੀਆਂ ਦੇ ਪਿੰਡਾਂ ਦੇ ਨੌ ‘ਤੇ ਹੀ ਉਨ੍ਹਾਂ ਟੋਲਿਆਂ ਦੇ ਨੌ ਧਰੇ ਹੁੰਦੇ ਸੀ। ਜਿਮੇਂ ਨਵੇਂ ਪਿੰਡੀਏ ਤੇ ਲਿਬੜੇ ਆਲੇ ਵਗੈਰਾ-ਵਗੈਰਾ।

ਹੁਣ ਨਮੇਂ ਜ਼ਮਾਨੇ ਦੀਆਂ ਅਜਿਹੀਆਂ ਟੋਲੀਆਂ ਨੂੰ ਗੈਂਗ ਆਖਿਆ ਜਾਂਦਾ ਹੈ। ਤੇ ਗੈਂਗ ਮੈਂਬਰਾਂ ਨੂੰ ਗੈਂਗਸਟਰ। ਸੋ ਗੈਂਗਸਟਰ ਲਫਜ਼ ਵੀ ਪੰਜਾਬ ਵਿੱਚ ਬੀਤੇ ਚੌਂਹ ਕੁ ਸਾਲਾਂ ਤੋਂ ਹੀ ਵਰਤਿਆ ਜਾਣ ਲੱਗਿਆ ਹੈ। ਗੈਂਗ ਨੂੰ ਹਿੰਦੋਸਤਾਨੀ ਬੋਲੀ ਵਿੱਚ ਗਰੋਹ ਆਖਿਆ ਜਾਂਦਾ ਹੈ। ਗਰੋਹ ਲਫਜ਼ ਵੀ ਪੰਜਾਬ ਵਿੱਚ ਸਤਿਕਾਰ ਦਾ ਪਾਤਰ ਨਹੀਂ ਰਿਹਾ। ਸ਼ਾਇਦ ਏਸੇ ਕਰਕੇ ਹੀ ਅੰਗਰੇਜ਼ੀ ਦੇ ਲਫਜ਼ ਗੈਂਗ ਗਰੋਹ ਲਫਜ਼ ਦੇ ਬਦਲ ਵਜੋਂ ਮਕਬੂਲ ਹੋਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਦੋਂ ਸਰਕਾਰ ਨੇ ਬਠਿੰਡਾ ਤੇ ਰੋਪੜ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ ਤਾਂ ਸਰਕਾਰ ਦਾ ਖਿਲਾਖੀ ਫਰਜ਼ ਬਣਦਾ ਹੈ ਕਿ ਪਲਾਂਟਾਂ ਦੀ ਹਜ਼ਾਰਾਂ ਕਿੱਲੇ ਪੈਲੀ ਉਨ੍ਹਾਂ
ਖੰਨਾ ਦੇ ਮਸ਼ਹੂਰ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਸਿੰਘ ਦਾ ਅੱਜ ਐਤਵਾਰ (20 ਅਗਸਤ) ਨੂੰ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਨਵਿੰਦਰ ਮਿੰਦੀ ਆਪਣੇ ਘਰ ਤੋਂ ਖੇਤ
ਮੀਡੀਆ ਰਿਪੋਰਟਾਂ ਮੁਤਾਬਕ ਗੁਰਦਾਸਪੁਰ ਜੇਲ੍ਹ ਵਿੱਚ ਕੈਦੀਆਂ ਅਤੇ ਜੇਲ੍ਹ ਪ੍ਰਸ਼ਾਸਨ ਵਿਚਾਲੇ ਟਕਰਾਅ ਹੋਇਆ। ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 12 ਵਜੇ ਗੁਰਦਾਸਪੁਰ ਜੇਲ੍ਹ ਅੰਦਰ ਕੈਦੀਆਂ ਅਤੇ ਪੁਲਿਸ ਟੀਮ ਵਿਚਾਲੇ ਟਕਰਾਅ
ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਇਕ ਪ੍ਰੈਸ ਕਾਨਫਰੰਸ ’ਚ ਖੁਲਾਸਾ ਕੀਤਾ ਕਿ ਸੂਬੇ ਵਿਚ ਇਸ ਵੇਲੇ 57 ਗੈਂਗ ਮੌਜੂਦ ਹਨ, ਜਿਨ੍ਹਾਂ ਦੇ 423 ਸਰਗਰਮ ਮੈਂਬਰ ਹਨ, 180 ਗੈਂਗ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: