ਚੰਡੀਗੜ੍ਹ (6 ਸਤੰਬਰ 2014): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਅਧੀਨ ਪਿਛਲੇ 18 ਸਾਲ ਤੋਂ ਚੰਡੀਗੜ ਦੀ ਬੁੜੈਲ ਜੇਲ ਵਿੱਚ ਬੰਦ ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਦੀ ਰਿਹਾਈ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਪਟੀਸ਼ਨਾਂ ‘ਤੇ ਅਦਾਲਤ ਨੇ ਅਗਲੀ ਸੁਣਵਾਈ ਦੀ ਤਾਰੀਖ 11 ਅਕਤੂਬਰ ਨਿਸ਼ਚਿਤ ਕੀਤੀ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਸ ਵੇਲੇ ਪਿਛਲੇ ਕਰੀਬ 18 ਸਾਲਾਂ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਸਿਆਸੀ ਸਿੱਖ ਕੈਦੀਆਂ ਭਾਈ ਸਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਮੀਤਾ ਦੀ ਪੱਕੀ ਰਿਹਾਈ ਦੀਆਂ ਪਟੀਸ਼ਨਾਂ ‘ਤੇ ਸੁਣਵਾਈ ਅਤੇ ਅਗਲੀ ਕਾਰਵਾਈ ਹਾਲ ਦੀ ਘੜੀ ਇਹ ਕਹਿੰਦਿਆਂ ਅੱਗੇ ਪਾ ਦਿੱਤੀ ਹੈ ਕਿ ਕਤਲ ਕੇਸਾਂ ਦੇ ਕੈਦੀਆਂ ਨੂੰ ਸਜ਼ਾ ਮੁਆਫ਼ੀ ਬਾਰੇ ਮਾਮਲਾ ਸੁਪਰੀਮ ਕੋਰਟ ਵਿੱਚ ਇੱਕ ਸੰਵਿਧਾਨਿਕ ਬੈਂਚ ਕੋਲ ਵਿਚਾਰ ਅਧੀਨ ਹੋਣ ਦੀ ਜਾਣਕਾਰੀ ਬੈਂਚ ਕੋਲ ਪੁੱਜੀ ਹੈ।
ਜਿਸ ਤਹਿਤ ‘ਕੇਂਦਰ ਸਰਕਾਰ ਬਨਾਮ ਸ੍ਰੀਹਰਨ ਉਰਫ਼ ਮੂਰਗਨ ਅਤੇ ਹੋਰਨਾਂ ਦੀ ਰਿੱਟ ਪਟੀਸ਼ਨ ਤਹਿਤ ਸੁਪਰੀਮ ਕੋਰਟ ਵੱਲੋਂ ਬੀਤੀ 9 ਜੁਲਾਈ ਨੂੰ ਹੀ ਇੱਕ ਅੰਤਿ੍ਮ ਆਰਡਰ ਜਾਰੀ ਕਰਦਿਆਂ ਰਾਜ ਸਰਕਾਰਾਂ ਨੂੰ ਉਨ੍ਹਾਂ ਦੀਆਂ ਕਤਲ ਕੇਸਾਂ ਦੇ ਸਜ਼ਾ ਯਾਫ਼ਤਾ ਕੈਦੀਆਂ ਦੀ ਸਜ਼ਾ ‘ਚ ਮੁਆਫ਼ੀ ਨਾਲ ਸਬੰਧਿਤ ਸ਼ਕਤੀਆਂ ‘ਤੇ ਕਾਰਵਾਈ ਕਰਨ ਤੋਂ ਰੋਕ ਦਿੱਤਾ ਗਿਆ ਹੋਇਆ ਹੈ ।
ਇਸ ਤਰਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਦੋਸ਼ੀ ਸ੍ਰੀਹਰਨ ਉਰਫ਼ ਮੂਰਗਨ ਦੇ ਸੁਪਰੀਮ ਕੋਰਟ ਕੋਲ ਵਿਚਾਰ ਅਧੀਨ ਕੇਸ ਦਾ ਪ੍ਰਭਾਵ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੇ ਦੋਸ਼ੀਆਂ ਦੀ ਪੱਕੀ ਰਿਹਾਈ ਦੇ ਕੇਸ ‘ਤੇ ਪਿਆ ਹੈ।
ਹਾਈਕੋਰਟ ਦੇ ਜਸਟਿਸ ਐਸ. ਐਸ. ਸਾਰੋਂ ਅਤੇ ਜਸਟਿਸ ਲੀਜ਼ਾ ਗਿੱਲ ਵਾਲੇ ਡਵੀਜ਼ਨ ਬੈਂਚ ਨੇ ਸ਼ਮਸ਼ੇਰ ਅਤੇ ਗੁਰਮੀਤ ਦੀਆਂ ਉਨ੍ਹਾਂ ਦੇ ਵਕੀਲ ਹਰਨਾਮ ਸਿੰਘ ਭੁੱਲਰ ਰਾਹੀਂ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਉਕਤ ਹਵਾਲਿਆਂ ਦੇ ਮੱਦੇਨਜ਼ਰ ਇਨ੍ਹਾਂ ਦਾ ਕੇਸ ਹੁਣ 11 ਅਕਤੂਬਰ ਤੱਕ ਅੱਗੇ ਪਾ ਦਿੱਤਾ ਗਿਆ ਹੈ ।ਇਸ ਕੇਸ ਵਿਚ ਪਿਛਲੀ ਸੁਣਵਾਈ ਲੰਘੀ 28 ਅਗਸਤ ਨੂੰ ਹੋਈ ਹੈ, ਜਿਸ ਦਾ ਅੰਤਿ੍ਮ ਆਰਡਰ ਬੀਤੇ ਬੁੱਧਵਾਰ ਹੀ ਅਧਿਕਾਰਤ ਤੌਰ ‘ਤੇ ਸਾਹਮਣੇ ਆਇਆ ਹੈ ।