ਕੈਲਗਰੀ (3 ਮਾਰਚ, 2015): ਸਿੱਖ ਕੌਮ ਦੀਆਂ ਸ਼ਾਨਮੱਤੀਆਂ ਪ੍ਰੰਪਰਾਵਾਂ ‘ਤੇ ਪਹਿਰਾ ਦੇਣ ਵਾਲੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਅਤੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਦਸਮੇਸ ਕਲਚਰ ਸੈਂਟਰ ਕੈਲਗਰੀ ਵਿਖੇ ਦੀਵਾਨ ਸਜਾਏ ਗਏ ।
ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਨੌਜਵਾਨਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਮਗਰੋਂ ਦੀਵਾਨਾਂ ਦੀ ਆਰੰਭਤਾ ਕੀਤੀ ਗਈ ।

ਸਜਾਏ ਦੀਵਾਨਾਂ ਵਿੱਚ ਭਾਈ ਨਿਰਮਲ ਸਿੰਘ ਬਟਾਲੇ ਵਾਲੇ ਅਤੇ ਭਾਈ ਬਲਜੀਤ ਸਿੰਘ ਦਮਦਮੀ ਟਕਸਾਲ ਵਾਲਿਆਂ ਦੇ ਰਾਗੀ ਜੱਥੇ ਨੇ ਕੀਰਤਨ ਰਾਹੀ ਹਾਜ਼ਰੀ ਭਰੀ ।
ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਈ ਹਰਬਰਿੰਦਰ ਸਿੰਘ ਜਿਹੜੇ ਕਿ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਵੱਡੇ ਸਪੁੱਤਰ ਹਨ, ਨੇ ਵੀ ਸੰਗਤਾਂ ਨੂੰ ਬੜੇ ਭਾਵਪੂਰਤ ਢੰਗ ਨਾਲ ਸੰਤਾਂ ਦੇ ਜੀਵਨ ਅਤੇ ਸਿੱਖੀ ਸਿਧਾਂਤਾ ਲਈ ਦਰਪੇਸ਼ ਚੁਣੌਤੀਆਂ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ।
ਇਸ ਸਮੇਂ ਢਾਡੀ ਭਾਈ ਪਰਮਿੰਦਰ ਸਿੰਘ ਪਾਰਸ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ।ਸਟੇਜ ਸਕੱਤਰ ਦੀ ਸੇਵਾ ਭਾਈ ਰਣਬੀਰ ਸਿੰਘ ਨੇ ਨਿਭਾਈ ।
ਭਾਈ ਰਣਜੀਤ ਸਿੰਘ ਚੰਡੀਗੜ੍ਹ ਵਾਲਿਆਂ ਨੇ ਕਥਾ-ਵਿਚਾਰਾਂ ਰਾਹੀਂ ਸੰਤਾਂ ਦੇ ਜੀਵਨ ਅਤੇ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਸ਼ਹੀਦੀ ਦੀ ਦਾਸਤਾਨ ਸੰਗਤਾਂ ਨਾਲ ਸਾਂਝੀ ਕੀਤੀ ।