
ਬਠਿੰਡਾ (24 ਮਾਰਚ 2015):ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀਆਂ ਦੀ ਰਿਹਾਈ ਲਈ ਮਰਨ ਵਰਤ ’ਤੇ ਬੈਠੇ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਹੱਕ ਵਿੱਚ ਲੋਕ ਰਾਇ ਬਣਾਉਣ ਲਈ ਸਮੂਹ ਪੰਥਕ ਜਥੇਬੰਦੀਆਂ ਨੇ ਅੱਜ ਪਿੰਡ ਕੋਟਸ਼ਮੀਰ ਤੋਂ ਬਠਿੰਡਾ ਤੱਕ ਰੋਸ ਮਾਰਚ ਕੱਢਿਆ। ਇਹ ਰੋਸ ਮਾਰਚ ਕੋਟਸ਼ਮੀਰ, ਮਹਿਤਾ ਤੇ ਗਹਿਰੀ ਭਾਗੀ ਮਗਰੋਂ ਬਠਿੰਡਾ ਪੁੱਜਿਆ ਜਿੱਥੇ ਪੁਲੀਸ ਫੋਰਸ ਨੇ ਇਸ ਨੂੰ ਰੋਕ ਲਿਆ।
ਇਸ ਮਗਰੋਂ 15 ਨੁਮਾਇੰਦਿਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਣ ਲਈ ਅੱਗੇ ਜਾਣ ਦਿੱਤਾ ਗਿਆ। ਅੱਗੇ ਵੀ ਜਦੋਂ ਇਨ੍ਹਾਂ ਨੁਮਾਇੰਦਿਆਂ ਨੂੰ ਰੋਕਿਆ ਗਿਆ ਤਾਂ ਹਾਜ਼ਰ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਮੰਗ ਪੱਤਰ ਪਾੜ ਦਿੱਤਾ।
ਆਗੂਆਂ ਨੇ ਕਿਹਾ ਕਿ ਬੰਦੀ ਰਾਜਸੀ ਕੈਦੀਆਂ ਦੀ ਰਿਹਾਈ ਲੲੀ ਬਾਪੂ ਸੂਰਤ ਸਿੰਘ ਖ਼ਾਲਸਾ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਭੁੱਖ ਹੜਤਾਲ ’ਤੇ ਹਨ। ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਰਾਜਸੀ ਕੈਦੀਆਂ ਦੀ ਰਿਹਾਈ ਸਬੰਧੀ ਲਗਾਤਾਰ ਨਾਂਹ ਪੱਖੀ ਵਤੀਰਾ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੀ ਕੇਂਦਰ ਅਤੇ ਪੰਜਾਬ ਸਰਕਾਰ ਸਜ਼ਾ ਪੂਰੀ ਕਰ ਚੁੱਕੇ ਰਾਜਸੀ ਬੰਦੀਆਂ ਦੀਆਂ ਰਿਹਾਈਆਂ ਨਾ ਕਰ ਕੇ ਤਾਨਾਸ਼ਾਹੀ ਦਾ ਸਬੂਤ ਦੇ ਰਹੀਆਂ ਹਨ।
ਸਮੂਹ ਪੰਥਕ ਜਥੇਬੰਦੀਆਂ ਵੱਲੋਂ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਰਿਹਾਈਆਂ ਸਬੰਧੀ ਅਪਣਾਏ ਗਏ ਵਤੀਰੇ ਨੂੰ ਮੁੜ ਕੇ ਸਮੁੱਚੇ ਰਾਜਸੀ ਕੈਦੀਆਂ ਦੀ ਰਿਹਾਈ ਸਮੇਤ ਸਿੱਖ ਕੈਦੀਆਂ ਲਈ ਫ਼ੈਸਲਾ ਲਵੇ ਤੇ ਭਾਰਤ ਸਰਕਾਰ ਤੋਂ ਵੀ ਅਜਿਹਾ ਫ਼ੈਸਲਾ ਕਰਵਾਇਆ ਜਾਵੇ ਤਾਂ ਕਿ ਟਕਸਾਲੀ ਅਕਾਲੀ ਆਗੂ ਜਥੇਦਾਰ ਸੂਰਤ ਸਿੰਘ ਖ਼ਾਲਸਾ ਦੀ ਜਾਨ ਬਚਾਈ ਜਾ ਸਕੇ।
ਮਾਰਚ ਵਿੱਚ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ, ਹਰਦੀਪ ਸਿੰਘ ਮਹਿਰਾਜ, ਗੁਰਦੀਪ ਸਿੰਘ ਬਠਿੰਡਾ, ਬਾਬਾ ਚਮਕੌਰ ਸਿੰਘ, ਜਸਵਿੰਦਰ ਸਿੰਘ ਘੋਲੀਆ, ਗੁਰਮੀਤ ਸਿੰਘ ਬੱਜੋਆਣਾ, ਸਖਦੇਵ ਸਿੰਘ, ਸਤਨਾਮ ਸਿੰਘ, ਸੁਖਪਾਲ ਸਿੰਘ ਦਾਨ ਸਿੰਘ ਵਾਲਾ ਤੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ।
ਜ਼ਿਕਰਯੋਗ ਹੈ ਕਿ ਬਾਪੂ ਸੂਰਤ ਸਿੰਘ ਪਿੱਛਲੀ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਜਬਰੀ ਹਸਪਤਾਲ ਵਿੱਚ ਦਾਖਲ ਕਰਵਾਕੇ ਨਾਲੀਆਂ ਰਾਂਹੀ ਭੋਜਨ ਪਦਾਰਥ ਦਿੱਤਾ ਜਾ ਰਿਹਾ ਹੈ।ਉਨ੍ਹਾਂ ਦੀ ਦੇਖਭਾਲ ਰਕ ਰਹੇ ਉਨ੍ਹਾਂ ਦੇ ਅਮਰਕਿੀ ਨਾਗਰਿਕ ਪੁੱਤਰ ਰਵਿੰਦਰਪਾਲ ਸਿੰਘ ਗੋਗੀ ਨੂੰ ਪੁਲਿਸ ਵੱਲੋਂ ਗਿ੍ਫ਼ਤਾਰ ਕਰਕੇ ਜੇਲ ਵਿੱਚ ਬਮਦ ਕਰ ਦਿੱਤ ਹੈ ਜੋ ਕਿ ਮਨੁੱਖੀ ਅਧਿਕਾਰਾਂ ਦੀ ਸਰਾਸਰ ਉਲੰਘਣਾ ਹੈ।