ਲੰਡਨ (11 ਅਪ੍ਰੈਲ , 2015): ਫਿਲਮ ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਹਰਿੰਦਰ ਸਿਕਾ ਨੇ ਸਿੱਖ ਜਗਤ ਦੇ ਭਾਰੀ ਰੋਹ ਨੂੰ ਨਜ਼ਰਅੰਦਾਜ਼ ਕਰਦਿਆਂ ਵਿਵਾਦਤ ਫਿਲਮ ਦਾ ਇੰਗਲੈਂਡ ਦੇ ਸ਼ਹਿਰ ਬਰਮਿੰਗਮ ਅਤੇ ਲੰਡਨ ਵਿਚ ਵਿਖਾਈ ਹੈ, ਜਿਸ ਨੂੰ ਵੇਖਣ ਤੋਂ ਬਾਅਦ ਸਥਾਨਕ ਸਿੱਖਾਂ ਵਿਚ ਰੋਹ ਹੋਰ ਵੀ ਪ੍ਰਚੰਡ ਹੋ ਗਿਆ ਹੈ।

ਵੱਖ-ਵੱਖ ਮੀਡੀਆ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਫਿਲਮ ਵਾਲੇ ਅਸਮਰਥ ਜਾਪ ਰਹੇ ਸਨ । ਭਾਵੇਂ ਕਿ ਫਿਲਮਕਾਰ ਨੇ ਖੁਦ ਦੇ ਸੁਪਨੇ ਵਿਚ ਗੁਰੂ ਨਾਨਕ ਦੇਵ ਜੀ ਦੇ ਆਉਣ ਦੀ ਗੱਲ ਕਹਿ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਿੱਖ ਇਸ ਗੱਲ ਨਾਲ ਸਹਿਮਤ ਨਹੀਂ ਹੋ ਰਹੇ ਹਨ ਕਿ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਰੋਲ ਕੋਈ ਵੀ ਵਿਅਕਤੀ ਕਰੇ ।
ਇੰਗਲੈਂਡ ਦੀਆਂ ਸਿੱਖ ਜੱਥੇਬੰਦੀਆਂ ਨੇ ਇਸ ਗੱਲ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਜਲਦੀ ਇਸ ਫਿਲਮ ‘ਤੇ ਪਾਬੰਦੀ ਲਗਵਾਉਣੀ ਚਾਹੀਦੀ ਹੈ, ਨਹੀਂ ਤਾਂ ਭਵਿੱਖ ਵਿਚ ਇਸ ਫਿਲਮ ਨੂੰ ਆਧਾਰ ਬਣਾ ਕੇ ਸਿੱਖ ਧਰਮ ਦੀਆਂ ਧੱਜੀਆਂ ਉਡਾਉਣ ਵਾਲਿਆਂ ਲਈ ਰਾਹ ਖੁੱਲ੍ਹ ਜਾਵੇਗਾ ।
ਜ਼ਿਕਰਯੋਗ ਹੈ ਕਿ ਹਰੰਿਦਰ ਸਿੱਕਾ ਵੱਲੋਂ ਬਣਾਈ ਇਸ ਫਿਲਮ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਲ- ਨਾਲ ਉਨ੍ਹਾਂ ਨਾਲ ਧਰਮ ਪ੍ਰਚਾਰ ਦੌਰਾਨ ਉਮਰ ਭਰ ਸਾਥ ਨਿਭਾਉਣ ਵਾਲੇ ਭਾਈ ਮਰਦਾਨ ਅਤੇ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਨੂੰ ਮਨੁੱਖੀ ਪਾਤਰਾਂ ਦੁਆਰਾ ਦ੍ਰਿਸ਼ਮਾਨ ਕੀਤਾ ਗਿਆ ਹੈ, ਜੋ ਕਿ ਸਿੱਖ ਸਿਧਾਂਤਾਂ ਦੀ ਘੋਰ ਉਲੰਘਣਾ ਹੈ ਅਤੇ ਸਮੁੱਚੀ ਸਿੱਖ ਕੌਮ ਵਿੱਚ ਇਸ ਫਿਲਮ ਵਿਰੁੱਧ ਵਿਆਪਕ ਪੱਧਰ ‘ਤੇ ਰੋਸ ਪੈਦਾ ਹੋ ਗਿਆ ਹੈ।