ਚੰਡੀਗੜ੍ਹ (17 ਅਪ੍ਰੈਲ, 2015): ਫਿਲਮ ਨਿਰਮਾਤਾ ਹਰਿੰਦਰ ਸਿੱਕਾਂ ਦੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ, ਭਾਈ ਮਰਦਾਨਾ ਜੀ ਅਤੇ ਬੇਬੇ ਨਾਨਕੀ ਜੀ ਨੂੰ ਫਿਲਮੀ ਪਰਦੇ ‘ਤੇ ਦ੍ਰਿਸ਼ਮਾਨ ਕਰਦੀ ਵਿਵਾਦਤ ਫਿਲਮ “ਨਾਨਕਸ਼ਾਹ ਫਕੀਰ” ‘ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਾਉਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਫਿਲਮ ‘ਤੇ ਦੋ ਮਹੀਨਿਆਂ ਦੀ ਪਾਬਮਦੀ ਲਾ ਦਿੱਤੀ ਹੈ।ਸਿੱਖਾਂ ਦੇ ਇੱਕ ਵਫ਼ਦ ਨਾਲ ਮਿਲਣ ਤੋਂ ਬਾਅਦ ਚੰਡੀਗੜ੍ਹ ਡੀਐਮ ਵੱਲੋਂ ਫ਼ਿਲਮ ‘ਤੇ ਦੋ ਮਹੀਨੇ ਦੀ ਪਾਬੰਦੀ ਲਗਾ ਦਿੱਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੇ ਪ੍ਰਦਰਸ਼ਨ ‘ਤੇ ਰੋਕ ਲਾਉਣ ਤੋਂ ਬਾਅਦ ਦਿੱਲੀ ‘ਚ ਵੀ ਇਸ ਫ਼ਿਲਮ ਦੇ ਪ੍ਰਦਰਸ਼ਨ ‘ਤੇ ਰੋਕ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਸਿੱਖ ਜਥੇਬੰਦੀਆਂ ਵੱਲੋਂ ਇਸ ਕਵਾਇਦ ਹੇਠ ਰਾਜੌਰੀ ਗਾਰਡਨ ਦੇ ਵਿਧਾਇਕ ਜਰਨੈਲ ਸਿੰਘ ਅਤੇ ਹਰੀ ਨਗਰ ਦੇ ਵਿਧਾਇਕ ਜਗਦੀਪ ਸਿੰਘ ਤੱਕ ਪਹੁੰਚ ਕੀਤੀ ਹੈ ।
ਅਰਵਿੰਦ ਕੇਜਰੀਵਾਲ ਨੇ ਇਸ ਸਬੰਧ ‘ਚ ਉਪ ਰਾਜਪਾਲ ਨਜ਼ੀਬ ਜੰਗ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਸਿਨੇਮੈਟੋਗ੍ਰਾਫ਼ੀ ਕਾਨੂੰਨ ਦੀ ਧਾਰਾ 13 ਤਹਿਤ ਫ਼ੈਸਲਾ ਲੈਣ ਨੂੰ ਕਿਹਾ । ਇਸ ਧਾਰਾ ਤਹਿਤ ਜਿਥੇ ਫ਼ਿਲਮ ਦੇ ਪ੍ਰਦਰਸ਼ਨ ਤੋਂ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਹੋਵੇ, ਉਸ ਦੇ ਪ੍ਰਦਰਸ਼ਨ ਨੂੰ ਰੋਕਿਆ ਜਾ ਸਕਦਾ ਹੈ । ਆਪ ਵਿਧਾਇਕ ਜਰਨੈਲ ਸਿੰਘ ਨੇ ਇਸ ਮੁੱਦੇ ਨੂੰ ਸੰਵੇਦਨਸ਼ੀਲ ਕਰਾਰ ਦਿੰ ਦਿਆਂ ਕਿਹਾ ਕਿ ਫ਼ਿਲਮ ਨਾਲ ਧਾਰਮਿਕ ਭਾਵਨਾਵਾਂ ਜੁੜੀਆਂ ਹੋਣ ਕਾਰਨ ਇਸ ‘ਚੋਂ ਇਤਰਾਜ਼ਯੋਗ ਸੀਨ ਹਟਾਉਣ ਤੋਂ ਬਾਅਦ ਹੀ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ ।
ਜ਼ਿਕਰਯੋਗ ਹੈ ਕਿ ਸਿੱਖ ਧਰਮ ਵਿੱਚ ਗੁਰੂ ਦਾ ਸੰਕਲਪ ਬੜਾ ਮਹਾਨ ਹੈ, ਸਿੱਖ ਦਾ ਸਭ ਕੁਝ ਗੁਰੂ ਦੇ ਆਸਰੇ ਹੀ ਹੈ। ਸਿੱਖ ਗੁਰੂ ਸਾਹਿਬਾਨ ਨੇ ਸਰੀਰਕ ਰੂਪ ਵਿੱਚ ਬਿਰਾਜਮਾਨ ਹੁੰਦਿਆਂ ਹੋਇਆ, ਗੁਰੂ ਜੋਤ ਨੂੰ ਮਹੱਤਤਾ ਦਿੱਤੀ ਸੀ। ਇਸੇ ਕਰਕੇ ਗੁਰੂ ਨਾਨਕ ਸਾਹਿਬ ਗੁਰਤਾ ਗੱਦੀ ਦੀ ਸੌਂਪਣਾ ਕਰਕੇ ਉਨ੍ਹਾਂ ਨੂੰ ਭਾਵ ਗੁਰੂ ਜੋਤ ਨੂੰ ਸੀਸ ਝੁਕਾਇਆ ਸੀ।ਸਿੱਖ ਕੌਮ ਦੇ ਬਨਿਆਦੀ ਸਿਧਾਂਤਾਂ ਅਨੁਸਾਰ ਸਿੱਖ ਗੁਰੂ ਸਾਹਿਬਾਨਾਂ ਅਤੇ ਉਨ੍ਹਾਂ ਨਾਲ ਸਬੰਧਿਤ ਸਤਿਕਾਰਤ ਸ਼ਖਸ਼ੀਅਤਾਂ, ਪਰਿਵਾਰਕ ਮੈਂਬਰਾਂ ਨੂੰ ਕਿਸੇ ਵੀ ਰੁਪ ਵਿੱਚ ਦ੍ਰਿਸ਼ਮਾਨ ਕਰਨ ਦੀ ਸਖ਼ਤ ਮਨਾਹੀ ਹੈ।
ਸਿੱਖ ਨੁਕਤਾ ਨਜ਼ਰ ਤੋਂ ਫਿਲਮ ਵਿੱਚ ਗੁਰੂ ਸਾਹਿਬ ਦਾ ਰੋਲ ਭਾਂਵੇ ਜਿਊਂਦੇ ਬੰਦੇ ਨੇ ਕੀਤਾ ਹੋਵੇ ਤੇ ਭਾਂਵੇ ਉਹਨਾਂ ਦੇ ਸਰੀਰ ਨੂੰ ਕੰਪਿਊਟਰੀ ਰੇਖਾ-ਚਿੱਤਰ ਦੇ ਨਾਲ ਤਿਆਰ ਕੀਤਾ ਗਿਆ ਹੋਵੇ, ਦੋਵੇਂ ਢੰਗਾਂ ਨਾਲ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਹੈ ਅਤੇ ਕੌਮ ਲਈ ਇੱਕੋ ਜਿੰਨੇ ਘਾਤਕ ਹਨ। ਸਿੱਖ ਸਿਧਾਂਤਾਂ ਅਨੁਸਾਰ ਕੋਈ ਵੀ ਵਿਅਕਤੀ ਗੁਰੂ ਸਾਹਿਬਾਨ ਅਤੇ ਗੁਰੂ-ਪਰਿਵਾਰ ਨੂੰ ਕਿਸੇ ਵੀ ਮਾਧਿਅਮ ਜਾਂ ਢੰਗ ਰਾਹੀਂ ਦ੍ਰਿਸ਼ਮਾਨ ਨਹੀ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਸਿੱਖ ਧਰਮ ਦੇ ਅਸੂਲਾਂ ਅਤੇ ਸਿਧਾਂਤਾਂ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈ।