ਪਟਿਆਲਾ ( 26 ਜੁਲਾਈ, 2015): ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੇ ਇੱਕ ਸਮਾਰੋਹ ਦੌਰਾਨ ਖਾਲਿਸਤਾਨ ਦੇ ਨਾਅਰੇ ਲੱਗਣ ਦੀ ਖ਼ਬਰ ਮਿਲੀ ਹੈ। ਜਦ ਇਸ ਸਮਾਗਮ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੋਲਣ ਲੱਗੇ ਤਾਂ ਨਾਅਰੇਬਾਜ਼ੀ ਸ਼ੁਰੂ ਹੋ ਗਈ।

ਪੰਜਾਬੀ ਯੂਨੀਵਰਿਸਟੀ ਵਿੱਚ ਅੱਜ ਪਰਸੂਰਾਮ ਦੀ ਚੇਅਰ ਸਥਾਪਿਤ ਕਰਨ ਮੌਕੇ ਹੋਏ ਸਮਾਗਮ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਉਂ ਹੀ ਬੋਲਣ ਲੱਗੇ ਤਾਂ ਹਾਲ ਵਿੱਚ ‘ਖ਼ਾਲਿਸਤਾਨ ਜ਼ਿੰਦਾਬਾਦ’ ਤੇ ‘ਬਾਦਲ ਮੁਰਦਾਬਾਦ’ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸ ਕਾਰਨ ਪੂਰੇ ਸਮਾਗਮ ਵਿੱਚ ਹਲਚਲ ਮੱਚ ਗਈ।
ਮੌਕੇ ’ਤੇ ਮੌਜੂਦ ਪੁਲੀਸ ਨੇ ਨਾਅਰੇ ਲਾ ਰਹੇ ਕਾਰਕੁਨਾਂ ਨੂੰ ਕਾਬੂ ਕਰ ਲਿਆ। ਬਾਦਲ ਨੇ ਇਨ੍ਹਾਂ ਕਾਰਕੁਨਾਂ ਬਾਰੇ ਮੌਕੇ ’ਤੇ ਹੀ ਸਟੇਜ ਤੋਂ ਸਖ਼ਤ ਪ੍ਰਤੀਕਰਮ ਪ੍ਰਗਟ ਕੀਤਾ। ਨਾਅਰੇ ਲਾੳੁਣ ਵਾਲੇ ਕਾਰਕੁਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸਬੰਧਤ ਹਨ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਸੰਧਾ, ਕਿਸਾਨ ਵਿੰਗ ਦੇ ਆਗੂ ਰਾਜਿੰਦਰ ਸਿੰਘ ਛੰਨਾ, ਗੁਰਧਿਆਨ ਸਿੰਘ ਧਨੇਠਾ, ਦਰਸ਼ਨ ਸਿੰਘ ਸਨੌਰ ਸਨ ਨੂੰ ਪੁਲੀਸ ਮੌਕੇ ’ਤੇ ਹੀ ਫੜ ਕੇ ਲੈ ਗਈ।
‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾੳੁਣ ਵਾਲੇ ਮਾਨ ਦਲ ਦੇ ਚਾਰ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਅਰਬਨ ਅਸਟੇਟ ਪੁਲੀਸ ਨੇ ਫ਼ੌਜਦਾਰੀ ਐਕਟ ਦੀ ਧਾਰਾ 107/151 ਤਹਿਤ ਕਾਰਵਾਈ ਕਰਦਿਆਂ ਆਗੂਆਂ ਨੂੰ ਐਸਡੀਐਮ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ ਨਿਆਂਇਕ ਹਿਰਾਸਤ ਵਿੱਚ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਤਹਿਤ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ।