ਅੰਮਿ੍ਤਸਰ (26 ਜੁਲਾਈ , 2015): ਫਰਾਂਸ ਵਿੱਚ ਸਿੱਖ ਧਰਮ ਅਤੇ ਸੱਭਿਆਚਾਰ ਅਤੇ ਸਿੱਖ ਪੁਸ਼ਾਕ ਦੇ ਅਨਿੱਖੜਵੇਂ ਅੰਗ ਦਸਤਾਰ ‘ਤੇ ਪਾਬੰਦੀ ਦੇ ਚਲਦਿਆਂ ਫਰਾਂਸ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਮਿਸਟਰ ਜੀਨ ਕਿ੍ਸਟੋਫੀ ਪੀਯੂਸੈਲੇ ਨੇ ਸ਼੍ਰੋਮਣੀ ਕਮੇਟੀ ਨੂੰ ਦਸਤਾਰ ਦੇ ਮੁੱਦੇ ‘ਤੇ ਗੱਲਬਾਤ ਅੱਗੇ ਤੋਰਨ ਦਾ ਸੱਦਾ ਦਿੱਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਦੱਸਿਆ ਕਿ ਉਨਾਂ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ 21 ਜੁਲਾਈ ਨੂੰ ਹੋਏ ‘ਕਾਲ ਟੂ ਕਨਸਾਇੰਸ ਕਲਾਈਮੇਟ’ (ਮੌਸਮ ਬਾਰੇ ਜ਼ਮੀਰ ਦੀ ਆਵਾਜ਼) ਸੰਮੇਲਨ ‘ਚ ਸਿੱਖਾਂ ਦੇ ਨੁਮਾਇੰਦੇ ਵਜੋਂ ਸ਼ਮੂਲੀਅਤ ਕਰਦਿਆਂ ਸਿੱਖਾਂ ਨੂੰ ਦਰਪੇਸ਼ ਦਸਤਾਰ ਤੇ ਕਿ੍ਪਾਨ ਸਬੰਧੀ ਮਾਮਲਿਆਂ ਨੂੰ ਉਜਾਗਰ ਕੀਤਾ ।

ਉੇਨ੍ਹਾਂ ਨੇ ਦੱਸਿਆ ਕਿ ਫ਼ਰਾਂਸ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਜੀਨ ਕਿ੍ਸਟੋਫੀ ਪੀਯੂਸੈਲੇ ਨਾਲ ਉਨ੍ਹਾਂ ਸਿੱਖੀ ਦੀ ਸ਼ਾਨ ਦਸਤਾਰ ਤੇ ਕਿ੍ਪਾਨ ਦੇ ਮੁੱਦੇ ‘ਤੇ ਚਰਚਾ ਕੀਤੀ । ਇਸ ‘ਤੇ ਮਿਸਟਰ ਜੀਨ ਕਿ੍ਸਟੋਫੀ ਪੀਯੂਸੈਲੇ ਨੇ ਸ਼੍ਰੋਮਣੀ ਕਮੇਟੀ ਨੂੰ ਦਸਤਾਰ ਦੇ ਮੁੱਦੇ ‘ਤੇ ਗੱਲਬਾਤ ਅੱਗੇ ਤੋਰਨ ਦਾ ਸੱਦਾ ਦਿੱਤਾ ।
ਧਰਤੀ ‘ਤੇ ਵੱਧ ਰਹੇ ਤਾਪਮਾਨ ਨੂੰ ਦੋ ਡਿਗਰੀ ਸੈਂਟੀਗਰੇਡ ਘਟਾਉਣ ਲਈ ਦਸੰਬਰ ‘ਚ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ 195 ਮੁਲਕਾਂ ਦੀ ਮੌਸਮ ਤਬਦੀਲੀ ਸਬੰਧੀ ਕੀਤੀ ਜਾ ਰਹੀ ਕਾਨਫ਼ਰੰਸ ਦੀ ਤਿਆਰੀ ਲਈ ਫ਼ਰਾਂਸ ਦੀ ਸਰਕਾਰ ਵੱਲੋਂ ਦੁਨੀਆਂ ਭਰ ਦੇ ਵੱਖ-ਵੱਖ ਧਰਮਾਂ, ਬੁੱਧੀਜੀਵੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ‘ਚ ਬੀਬੀ ਕਿਰਨਜੋਤ ਕੌਰ ਨੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀਨਿਧ ਵਜੋਂ ਹਾਜ਼ਰੀ ਭਰੀ ।
ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਇਸ ਅਧਿਕਾਰਿਤ ਸੰਮੇਲਨ ‘ਚ ਕਿ੍ਪਾਨ ਦੀ ਮਹੱਤਤਾ ਨੂੰ ਮੰਨਦਿਆਂ ਇਸ ਨੂੰ ਪਹਿਨ ਕੇ ਸੰਮੇਲਨ ‘ਚ ਸ਼ਾਮਿਲ ਹੋਣ ਦਿੱਤਾ ਗਿਆ, ਜਿਸ ‘ਚ ਰਾਸ਼ਟਰਪਤੀ ਖਾਣੇ ਦੇ ਮੇਜ਼ਬਾਨ ਸਨ । ਇਸ ਸਮਾਗਮ ‘ਚ ਸੰਯੁਕਤ ਰਾਸ਼ਟਰ ਦੇ ਸਹਾਇਕ ਸਕੱਤਰ ਜਨਰਲ ਜੈਨਸ ਪਾਸਟਰ ਨੇ ਵਿਸ਼ਵ ਦੀ ਸਭ ਤੋਂ ਮਹੱਤਵਪੂਰਨ ਕੌਮਾਂਤਰੀ ਸੰਸਥਾ ਵਲੋਂ ਸੱਦਾ ਦਿੱਤਾ ਕਿ ਹੋਰ ਧਰਮਾਂ ਦੇ ਲੋਕ ਵੀ ਰਲ ਮਿਲ ਕੇ ਬਿਹਤਰ ਵਾਤਾਰਵਣ ਸਿਰਜਣ ਲਈ ਆਪਣਾ ਯੋਗਦਾਨ ਪਾਉਣ ।
ਇਸ ਮੌਕੇ ਬੁੱਧੀਜੀਵੀ, ਧਾਰਮਿਕ ਨੁਮਾਇੰਦੇ, ਕਲਾਕਾਰਾਂ ਤੇ ਹੋਰ ਵਿਰਾਸਤੀ ਨੁਮਾਇੰਦਿਆਂ ਨੇ ‘ਕਾਲ ਟੂ ਕਨਸਾਇੰਸ ਕਲਾਈਮੇਟ’ ਨਾਂਅ ਦਾ ਦਸਤਾਵੇਜ਼ ਤਿਆਰ ਕੀਤਾ ਜੋ ਦਸੰਬਰ ‘ਚ ਕਾਨਫ਼ਰੰਸ ਆਫ਼ ਦਾ ਪਾਰਟੀਜ਼ (ਕੋਪ 21) ਦੀ ਕਾਨਫ਼ਰੰਸ ‘ਚ ਸ਼ਾਮਿਲ ਹਰ ਡੈਲੀਗੇਸ਼ਨ ਦੇ ਮੁਖੀ ਨੂੰ ਪੇਸ਼ ਕੀਤਾ ਜਾਵੇਗਾ ।