ਨਵੀਂ ਦਿੱਲੀ (12 ਅਗਸਤ, 2015): ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਿੱਖ ਕਤਲੇਆਮ 1984 ਦੇ ਪੀੜਤਾਂ ਨੂੰ ਐਲਾਨੀ ਮੁਆਵਜ਼ੇ ਦੀ ਰਾਸ਼ੀ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦੇਣ ਦਾ ਫੈਸਲਾ ਕੀਤਾ ਹੈ। ਬਾਅਦ ਵਿੱਚ ਇਹ ਰਾਸ਼ੀ ਕੇਂਦਰ ਸਰਕਾਰ ਦਿੱਲੀ ਸਰਕਾਰ ਨੂੰ ਦੇ ਦੇਵੇਗੀ।

ਦਿੱਲੀ ਸਰਕਾਰ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਵਧੀ ਮੁਆਵਜ਼ਾ ਰਾਸ਼ੀ ਤਹਿਤ ਹਰੇਕ ਪੀੜਤ ਦੇ ਪਰਿਵਾਰ ਨੂੰ 5 ਲੱਖ ਦੀ ਰਾਸ਼ੀ ਦੇ ਚੈੱਕ ਵੰਡਣ ਨੂੰ ਮਨਜ਼ੂਰੀ ਦਿੱਤੀ ਹੈ। ਜਿਸ ਦਾ ਕੇਂਦਰ ਨੇ ਐਲਾਨ ਕੀਤਾ ਸੀ।
ਦਿੱਲੀ ਸਕੱਤਰੇਤ ਵਿਖੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਇਕ ਸੀਨੀਅਰ ਸਰਕਾਰੀ ਅਧਿਕਾਰੀ ਅਨੁਸਾਰ ਕੇਂਦਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਕੈਬਨਿਟ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਵਧੀ ਹੋਈ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡਣ ਦਾ ਫੈਸਲਾ ਕੀਤਾ ਹੈ, ਬਾਅਦ ਵਿਚ ਕੇਂਦਰ ਸੂਬਾ ਸਰਕਾਰ ਨੂੰ ਮੁਆਵਜ਼ੇ ਦੀ ਰਾਸ਼ੀ ਦੇ ਦੇਵੇਗੀ।
ਇਸ ‘ਤੇ 120 ਕਰੋੜ ਦੇ ਖਰਚੇ ਦਾ ਅਨੁਮਾਨ ਲਗਾਇਆ ਗਿਆ ਹੈ। ਸਰਕਾਰ ਅਨੁਸਾਰ, ਸਿੱਖ ਕਤਲੇਆਮ ਪੀੜਤਾਂ ਦੇ ਕਰੀਬ 2300 ਰਿਸ਼ਤੇਦਾਰ ਅਜਿਹੇ ਹਨ ਜਿਨ੍ਹਾਂ ਨੂੰ ਪਿਛਲੇ 6 ਮਹੀਨਿਆਂ ਤੋਂ ਵਧੀ ਮੁਆਵਜ਼ੇ ਰਾਸ਼ੀ ਦੇ ਚੈੱਕ ਨਹੀ ਮਿਲੇ।
ਦੱਸਣਯੋਗ ਹੈ ਕਿ ਬੀਤੇ ਸਾਲ ਦਸੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਦਿੱਲੀ ਦੇ ਤਿਲਕ ਵਿਹਾਰ ਇਲਾਕੇ ‘ਚ ਕਤਲੇਆਮ ਪੀੜਤਾਂ ਦੇ 17 ਪਰਿਵਾਰਾਂ ਨੂੰ ਵਧੀ ਹੋਈ ਮੁਆਵਜ਼ੇ ਰਾਸ਼ੀ ਵਜੋਂ 5 ਲੱਖ ਰਾਸ਼ੀ ਦੇ ਚੈੱਕ ਵੰਡੇ ਸਨ।