ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਜਸਟਿਨ ਟਰੂਡੋ
ਕੈਨਡਾ ( 20 ਅਕਤੂਬਰ, 2015): ਮੰਗਲਵਾਰ ਵਾਲੇ ਦਿਨ ਕਨੇਡਾ ਦੀ 42ਵੀਂ ਸੰਸਦ ਲਈ ਚੋਣ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ।ਕੈਨੇਡਾ ਦੇ ਚੋਣ ਇਤਹਿਾਸ ਵਿੱਚ ਨਵਾਂ ਕੀਰਤੀਮਾਨ ਸਿਰਜਦਿਆਂ ਲਿਬਰਲ ਪਾਰਟੀ ਵੱਲੋਂ ਕੁੱਲ 338 ਸੀਟਾਂ ਵਿੱਚੋਂ 184 ਸੀਟਾਂ ’ਤੇ ਜਿੱਤ ਦਰਜ ਕਤਿੀ ਗਈ।ਪਿਛਲੀ ਵਾਰ ਦੀ ਸੱਤਾਧਾਰੀ ਪਾਰਟੀ ਕੰਜ਼ਰਵੇਟਿਵ ਨੂੰ 99 ਸੀਟਾਂ,ਨਿਊ ਡੈਮੋਕਰੇਟਿਕ ਪਾਰਟੀ ਨੂੰ 44 ਸੀਟਾਂ, ਖੇਤਰੀ ਪਾਰਟੀ ਬਲਾਕ ਕਿਊਬਿਕ ਨੂੰ 10 ਅਤੇ ਗਰੀਨ ਪਾਰਟੀ ਨੂੰ 1 ਸੀਟ ਮਿਲੀ।

ਪੰਜਾਬੀ ਅਖਬਾਰ ਅਜ਼ੀਤ ਵਿੱਚ ਛਪੀ ਖ਼ਬਰ ਮੁਤਾਬਿਕ ਇਸ ਵਾਰ ਪੰਜਾਬੀਆਂ ਵੱਲੋਂ ਵੀ ਕੈਨੇਡਾ ਦੀਆਂ ਚੋਣਾਂ ਵਿੱਚ ਇਤਿਹਾਸ ਸਿਰਜਿਆ ਗਿਆ।ਇਸ ਵਾਰ ਦੀਆਂ ਸੰਸਦੀ ਚੋਣਾਂ ਵਿੱਚ ਕੁੱਲ 16 ਪੰਜਾਬੀਆਂ ਵੱਲੋਂ ਜਿੱਤ ਦਰਜ ਕੀਤੀ ਗਈ ਹੈ।ਜਿੱਤ ਪ੍ਰਾਪਤ ਕਰਨ ਵਾਲਿਆਂ ਵਿੱਚ ਪੰਜ ਦਸਤਾਰਧਾਰੀ ਸਿੱਖ ਹਰਜੀਤ ਸੱਜਣ, ਰਾਜ ਗਰੇਵਾਲ, ਦਰਸ਼ਨ ਕੰਗ, ਨਵਦੀਪ ਬੈਂਸ ਅਤੇ ਰਣਦੀਪ ਸਰਾਏ ਦੇ ਨਾਮ ਸ਼ਾਮਿਲ ਹਨ। ਹਰਜੀਤ ਸੱਜਣ ਜੋ ਕਿ ਕੈਨੇਡਾ ਦੀ ਫੌਜ ਵਿੱਚ ਲੈਫਟੀਨੇਂਟ ਕਰਨਲ ਹਨ, ਅਫਗਾਨੀਸਤਾਨ ਵਿੱਚ ਵੀ ਫੌਜ ਦੀ ਅਗਵਾਈ ਕਰ ਚੁੱਕੇ ਹਨ।
ਇਸ ਵਾਰ ਦੀਆਂ ਚੋਣਾਂ ਵਿੱਚ ਚਾਰ ਪੰਜਾਬੀ ਮੂਲ ਦੀਆਂ ਬੀਬੀਆਂ ਸੋਨੀਆ ਸਿੱਧੂ, ਕਮਲ ਖਹਿਰਾ, ਅੰਜੂ ਢਿੱਲੋਂ ਅਤੇ ਰੂਬੀ ਸਹੋਤਾ ਵੱਲੋਂ ਵੀ ਜਿੱਤ ਦਰਜ ਕੀਤੀ ਗਈ।
ਉੱਘੇ ਪੰਜਾਬੀ ਰਾਜਨੀਤਿਕ ਆਗੂ ਟਿੰਮ ਉਪਲ, ਬੱਲ ਗੋਸਲ, ਦਵਿੰਦਰ ਸ਼ੌਰੀ, ਪਰਮ ਗਿੱਲ ਅਤੇ ਨੈਨਾ ਗਰੇਵਾਲ ਨੂੰ ਇਨ੍ਹਾਂ ਚੌਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਪਿਆ।
ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੀ ਲਿਬਰਲ ਪਾਰਟੀ ਵੱਲੋਂ ਕੁੱਲ 15 ਪੰਜਾਬੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ।ਕੰਜ਼ਰਵੇਟਿਵ ਪਾਰਟੀ ਵੱਲੋਂ ਸਿਰਫ 2 ਪੰਜਾਬੀ ਦੀਪਕ ਓਬਰਾਏ ਅਤੇ ਜਤੀ ਸਿੱਧੂ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਸਕੇ।ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਸਾਰੀਆਂ ਸੀਟਾਂ ਤੋਂ ਪੰਜਾਬੀ ਉਮੀਦਵਾਰ ਜਿੱਤੇ ਹਨ ।
ਇਨ੍ਹਾਂ ਚੋਣਾਂ ਵਿੱਚ ਜਿੱਤਣ ਵਾਲਟ ਪੰਜਾਬੀ ਉਮੀਦਵਾਰਾਂ ਵਿੱਚ ਰਮੇਸ਼ਵਰ ਸੰਘਾ, ਰੂਬੀ ਸਹੋਤਾ, ਰਾਜ ਗਰੇਵਾਲ, ਕਮਲ ਖਹਿਰਾ, ਨਵਦੀਪ ਸਿੰਘ ਬੈਂਸ, ਗਗਨ ਸਿਕੰਦ, ਬਰਦੀਸ਼ ਚੱਗੜ, ਰਾਜ ਸੈਣੀ, ਦਰਸ਼ਣ ਕੰਗ, ਅਮਰਜੀਤ ਸੋਹੀ, ਦੀਪਕ ਓਬਰਾਏ , ਸੁੱਖ ਧਾਲੀਵਾਲ, ਰਣਦੀਪ ਸਰਾਏ ,ਹਰਜੀਤ ਸੱਜਣ ਅਤੇ ਜਤਿੰਦਰ (ਜਤੀ) ਸਿੱਧੂ ਆਦਿ ਦੇ ਨਾਮ ਸ਼ਾਮਲ ਹਨ।
ਪੰਜਾਬੀਆਂ ਦੀਆਂ ਇਹਨਾਂ ਜਿੱਤਾਂ ਵਿੱਚੋਂ ਸਭ ਤੋਂ ਖਾਸ ਜਿੱਤ ਅੰਜੂ ਢਿੱਲੋਂ ਦੀ ਮੰਨੀ ਜਾ ਰਹੀ ਹੈ, ਜੋ ਫਰਾਂਸੀਸੀ ਬੋਲਦੇ ਇਲਾਕੇ ਵਿੱਚੋਂ ਜਿੱਤਣ ਵਿੱਚ ਕਾਮਯਾਬ ਰਹੇ ਜਿੱਥੇ ਪੰਜਾਬੀਆਂ ਦੀ ਆਬਾਦੀ ਨਾਮਾਤਰ ਹੀ ਹੈ।