ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਿੰਨ ਹੋਰ ਯਾਦਗਾਰਾਂ ਦਾ ਕੰਮ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਬਾਦਲ ਨੇ ਫਿਰੋਜ਼ਪੁਰ ਵਿੱਚ ਭਾਈ ਮਰਦਾਨਾ ਜੀ ਯਾਦਗਾਰ, ਕਰਤਾਰਪੁਰ ਵਿੱਚ ਗੁਰੂ ਵਿਰਜਾਨੰਦ ਸਮਾਰਕ ਅਤੇ ਫਤਿਹਗੜ੍ਹ ਸਾਹਿਬ ਵਿੱਚ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਬਣਾਉਣ ਦੀ ਸਹਿਮਤੀ ਦਿੱਤੀ ਹੈ।

ਤਕਰੀਬਨ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਇਨ੍ਹਾਂ ਯਾਦਗਾਰਾਂ ਦੇ ਕੰਮ ਨੂੰ ਤੇਜੀ ਨਾਲ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਫਿਰੋਜਪੁਰ ਵਿੱਚ ਬਣਨ ਵਾਲੀ ਭਾਈ ਮਰਦਾਨਾ ਜੀ ਦੀ ਯਾਦਗਾਰ ਦਾ ਕੁੱਲ 0.72 ਏਕੜ ਰਕਬੇ ਵਿੱਚ ਨਿਰਮਾਣ ਕੀਤਾ ਜਾਵੇਗਾ ਜਿਸ ਵਿੱਚ ਭਾਈ ਮਰਦਾਨਾ ਦੇ ਜੀਵਨ ਇਤਿਹਾਸ ਨੂੰ ਮੂਰਤੀਮਾਨ ਕੀਤਾ ਜਾਵੇਗਾ ਤੇ ਇਸ ਨਾਲ ਇੱਕ ਸੰਗੀਤ ਅਕੈਡਮੀ ਵੀ ਖੋਲੀ ਜਾਵੇਗੀ।
ਆਰੀਆ ਸਮਾਜ ਦੇ ਬਾਨੀ ਸਵਾਮੀ ਦਯਾਨੰਦ ਸਰਸਵਤੀ ਦੇ ਅਧਿਆਪਕ ਵਿਰਜਾਨੰਦ ਦੀ ਕਰਤਾਰਪੁਰ ਵਿੱਚ ਬਣਾਈ ਜਾ ਰਹੀ ਯਾਦਗਾਰ ਦਾ ਕੁੱਲ 0.93 ਏਕੜ ਰਕਬੇ ਵਿੱਚ ਨਿਰਮਾਣ ਕੀਤਾ ਜਾਵੇਗਾ।