ਮਲੋਟ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਆਪਣੇ ਪਰਿਵਾਰ ਦੀ ਪੰਜਾਬ ਅਤੇ ਸਿੱਖ ਵਿਰੋਧੀ ਪਰੰਪਰਾ ਨੂੰ ਬਾਖੂਬੀ ਅੱਗੇ ਵਧਾ ਰਹੇ ਹਨ। ਮਲੋਟ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੰਦਰਾ ਗਾਂਧੀ ਤੋਂ ਲੈ ਕੇ ਹੁਣ ਤੱਕ ਰਾਹੁਲ ਗਾਂਧੀ ਤੱਕ ਗਾਂਧੀ ਪਰਿਵਾਰ ਨੇ ਹਮੇਸ਼ਾ ਹੀ ਪੰਜਾਬ ਅਤੇ ਖ਼ਾਸ ਤੌਰ ਤੇ ਸਿੱਖਾਂ ਨੂੰ ਆਪਣੇ ਦੁਸ਼ਮਣ ਵਜੋਂ ਜਾਣਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲਦੇ ਹੋਏ ਮਿਹਨਤਕਸ਼ ਪੰਜਾਬੀਆਂ ਨੂੰ ਨਸ਼ਾਖੋਰਾਂ ਵਜੋਂ ਬਦਨਾਮ ਕਰ ਰਿਹਾ ਹੈ ਅਤੇ ਗਾਂਧੀ ਪਰਿਵਾਰ ਜਾਣ ਬੁੱਝ ਕੇ ਪੰਜਾਬੀਆਂ ਨੂੰ ਨਸ਼ੇੜੀ ਗਰਦਾਨ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਉਪ ਪ੍ਰਧਾਨ ਕੋਲ ਜਾਂ ਉਸਦੀ ਪਾਰਟੀ ਕੋਲ ਕੋਈ ਜਾਦੂਈ ਚਿਰਾਗ ਨਹੀਂ ਹੈ ਜਿਸ ਨਾਲ ਉਹ ਸੂਬੇ ‘ਚ ਨਸ਼ੇ ਦਾ ਖ਼ਾਤਮਾ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਭਰਪੂਰ ਉਪਰਾਲੇ ਕਰ ਰਹੀ ਹੈ। ਸੂਬੇ ਵਿਚ ਇਕ ਗ੍ਰਾਮ ਵੀ ਨਸ਼ਾ ਪੈਦਾ ਨਹੀਂ ਹੁੰਦਾ ਪਰ ਪੰਜਾਬ ਨੂੰ ਬੇਵਜਾਹ ਬਦਨਾਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਅਜਿਹੇ ਹਿੱਸੇ ਹਨ ਜਿੱਥੇ ਨਸ਼ੇ ਦੀ ਸਮੱਸਿਆ ਪੰਜਾਬ ਨਾਲੋਂ ਵੀ ਜ਼ਿਆਦਾ ਗੰਭੀਰ ਹੈ ਪਰ ਸੂਬਾ ਵਿਰੋਧੀ ਤਾਕਤਾਂ ਜਾਣ ਬੁੱਝ ਕੇ ਪੰਜਾਬ ਨੂੰ ਇਸ ਮਸਲੇ ‘ਤੇ ਬਦਨਾਮ ਕਰ ਰਹੀਆਂ ਹਨ।