ਵਾਤਾਵਰਣ ਵਿਗਾੜ ਦੀ ਸਮੱਸਿਆ ਦਾ ਮੁੱਖ ਕਾਰਨ ਕਾਰਬਨ ( ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਵਰਗੀਆਂ ਗੈਸਾਂ) ਦਾ ਨਿਕਾਸ ਵੱਧ ਹੋਣਾ ਮੰਨਿਆ ਜਾਂਦਾ ਹੈ । ਇਸ ਸਬੰਧੀ ਔਕਸਫੈਮ ਵੱਲੋਂ ਜਾਰੀ ਇੱਕ ਰਿਪੋਰਟ ਮੁਤਾਬਕ ਦੁਨੀਆਂ ਦੇ ਸਭ ਤੋਂ ਅਮੀਰ ਲੋਕ ਆਮ ਵਿਅਕਤੀ ਨਾਲੋਂ ਵੱਧ ਕਾਰਬਨ ਪੈਦਾ ਕਰ ਰਹੇ ਹਨ । ਰਿਪੋਰਟ ਮੁਤਾਬਕ ਕਾਰਬਨ ਦੇ ਨਿਕਾਸ ਕਰਨ ਵਾਲੀਆਂ ਧਿਰਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ:
ਕੰਪਨੀਆਂ ਦੀ ਕਾਰਬਨ ਖਪਤ
125 ਕਰੋੜਪਤੀਆਂ ਦੀਆਂ 183 ਕਾਰਪੋਰੇਟ ਕੰਪਨੀਆਂ ਦਾ ਕੁੱਲ ਨਿਵੇਸ਼ 2.4 ਲੱਖ ਕਰੋੜ ਡਾਲਰ (2.4 ਟ੍ਰਿਲੀਅਨ ਡਾਲਰ) ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪੂੰਜੀਪਤੀਆਂ ਦਾ ਇਹ ਨਿਵੇਸ਼ ਕਿਸ ਤਰ੍ਹਾਂ ਦੀ ਤਕਨੀਕ ਨੂੰ ਲੈ ਕੇ ਆਉਂਦਾ ਹੈ ਵੱਧ ਕਾਰਬਨ ਖਪਤ ਵਾਲੀ ਜਾਂ ਫ਼ਿਰ ਸਿਫ਼ਰ ਕਾਰਬਨ ਖਪਤ ਵਾਲੀ। ਕਰੋੜਪਤੀਆਂ ਦਾ ਨਿੱਜੀ ਕਾਰਬਨ ਨਿਕਾਸ ਵੀ ਬਹੁਤ ਜ਼ਿਆਦਾ ਹੈ। 2018 ਵਿੱਚ 20 ਕਰੋੜਪਤੀਆਂ ਦੀ ਕਾਰਬਨ ਡਾਈਆਕਸਾਈਡ ਨਿਕਾਸ 8194 ਟਨ ਸੀ। ਪੁਲਾੜ ਜਾਣ ਦੀ ਦੌੜ ਵਿੱਚ ਵੀ ਇੱਕ ਰਾਕਟ ਇਨੀਂ ਕਾਰਬਨ ਨਿਕਾਸੀ ਕਰਦਾ ਹੈ ਜਿਨੀ ਇੱਕ ਮਨੁੱਖ ਸਾਰੀ ਜ਼ਿੰਦਗੀ ਵਿੱਚ ਕਰਦਾ ਹੈ।

ਵਿਸ਼ਵ ਉੱਤਰੀ (ਗਲੋਬਲ ਨੌਰਥ) ਦੇਸ਼ਾਂ ਦੀ ਕਾਰਬਨ (ਜਿਸ ਕਰਕੇ ਧਰਤੀ ਗਰਮ ਹੋ ਰਹੀ ਹੈ) ਦੀ ਖਪਤ ਅੱਧ ਤੋਂ ਵੀ ਜ਼ਿਆਦਾ ਹੈ, ਜਿਸ ਦਾ ਮੁੱਖ ਕਾਰਨ ਉਸਦਾ ਕਾਰਪੋਰੇਟ ਢਾਂਚਾ ਹੈ। ਅਮਰੀਕਾ 80% ਅਤੇ ਯੂਰਪ 75% ਅੱਜ ਵੀ ਗੈਰ ਨਵਿਆਉਣਯੋਗ (ਰੀਨਿਊਏਬਲ) ਸਰੋਤਾਂ ਤੇ ਨਿਰਭਰ ਹੈ।
