ਸਿਡਨੀ (14 ਦਸੰਬਰ, 2014): ਆਸਟਰੇਲੀਆ ਰਾਜਧਾਨੀ ਕੈਨਬਰਾ ਵਿਖੇ 17 ਦਸੰਬਰ ਨੂੰ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਭਾਰਤ ਰਾਜਦੂਤ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।

ਇਸਦੇ ਨਾਲ ਹੀ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਗਲੈਨਵੁੱਡ ਵਿਖੇ ਭੁੱਖ ਹੜਤਾਲ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਭੁੱਖ ਹੜਤਾਲ ਉੱਤੇ ਚਾਰ ਸਿੱਖ ਨੌਜਵਾਨ ਬੈਠੇ ਹਨ। ਉਨ੍ਹਾਂ ਇਸ ਸਬੰਧੀ ਭਾਰਤ ਦੇ ਸੂਬੇ ਹਰਿਆਣਾ ਅੰਦਰ ਗੁਰਬਖਸ਼ ਸਿੰਘ ਖਾਲਸਾ ਵੱਲੋਂ ਪਿਛਲੇ ਇਕ ਮਹੀਨੇ ਤੋਂ ਰੱਖੀ ਭੁੱਖ ਹੜਤਾਲ ਦਾ ਪੁਰਜ਼ੋਰ ਸਮਰਥਨ ਕੀਤਾ ਹੈ।
ਗੁਰਦੁਆਰਾ ਕਮੇਟੀ ਦੇ ਉਪ-ਚੇਅਰਮੈਨ ਭਾਈ ਮਨਜੀਤ ਸਿੰਘ ਪੁਰੇਵਾਲ ਚਿੰਤਗੜ੍ਹ, ਸਿੱਖ ਆਗੂ ਭਾਈ ਹਰਗੁਰਮੇਲ ਸਿੰਘ ਫਿਲੌਰ, ਭਾਈ ਬਲਜੀਤ ਸਿੰਘ ਮਾਲ ਗਹਿਲਾ ਤੇ ਭਾਈ ਭਰਪੂਰ ਸਿੰਘ ਨਕੋਦਰ ਨੇ ਸਵੇਰੇ ਭੁੱਖ ਹੜਤਾਲ ਆਰੰਭ ਕਰ ਦਿੱਤੀ ਹੈ।
ਇਨ੍ਹਾਂ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਦੇ ਆਗੂ ਸਰਵਸ੍ਰੀ ਜਸਪਾਲ ਸਿੰਘ, ਸੁਖਜੀਤ ਸਿੰਘ, ਬਲਵਿੰਦਰ ਸਿੰਘ ਗਿੱਲ, ਸਰਵਿੰਦਰ ਸਿੰਘ ਰੂਮੀ, ਗੁਰਜੀਤ ਸਿੰਘ ਟਿਵਾਣਾ ਤੇ ਹੋਰਨਾਂ ਨੇ ਕਿਹਾ ਕਿ ਇਹ ਸਮਝ ਨਹੀਂ ਆ ਰਹੀ ਕਿ ਭਾਰਤ ਸਰਕਾਰ ਸਜ਼ਾ ਪੂਰੀ ਕਰ ਚੁੱਕੇ ਕੈਦੀ ਜੋ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਹਨ, ਨੂੰ ਰਿਹਾਅ ਕਿਉਂ ਨਹੀਂ ਕਰ ਰਹੀ।
ਇਸ ਭੁੱਖ ਹੜਤਾਲ ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ, ਸ੍ਰੀ ਗੁਰੂ ਸਿੰਘ ਸਭਾ ਰਿਵਸਬੀ ਸਿੱਖ ਫੈਡਰੇਸ਼ਨ, ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ ਆਸਟਰੇਲੀਆ ਤੇ ਹਾਜ਼ਰ ਸਮੂਹ ਸੰਗਤਾਂ ਨੇ ਆਪਣੀ ਹਮਾਇਤ ਦਾ ਐਲਾਨ ਕੀਤਾ ਹੈ। ਭੁੱਖ ਹੜਤਾਲੀ ਕੈਂਪ ਦੇ ਸੰਚਾਲਕ ਭਾਈ ਉਪਕਾਰ ਸਿੰਘ ਤੇ ਭਾਈ ਗੁਰਵਿੰਦਰ ਸਿੰਘ ਨੇ ਦੱਸਿਆ ਜਦੋਂਕਿ 15 ਦਸੰਬਰ ਨੂੰ ਗਲੈਨਵੁੱਡ ਗੁਰਦੁਆਰੇ ‘ਚ ਰੱਖੀ ਭੁੱਖ ਹੜਤਾਲ ‘ਚ ਭਾਈ ਦਿਗਵਿਜੈ ਸਿੰਘ ਨਾਗਰਾ ਤੇ ਭਾਈ ਹਰਪ੍ਰੀਤ ਸਿੰਘ ਬੈਠਣਗੇ।