ਜਲਾਲਾਬਾਦ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਜਲਾਲਾਬਾਦ ਦੀ ਅਨਾਜ ਮੰਡੀ ਵਿਚ ਜੁੜੇ ਇਕੱਠ ਤੋਂ ਸਹਿਮਤੀ ਲੈਂਦਿਆਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਖਿਲਾਫ ਜਲਾਲਾਬਾਦ ਤੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਇਸਦੇ ਨਾਲ ਹੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਸੰਗਤ ਦੇ ਹੁਕਮ ਨੂੰ ਪ੍ਰਵਾਨ ਕਰਦਿਆਂ ਜਿੱਥੇ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ ਉਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਵੀ ਪਟਿਆਲਾ ਦੀ ਥਾਂ ਜਲਾਲਾਬਾਦ ਆ ਕੇ ਹੀ ਚੋਣ ਲੜਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਲੜਾਈ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਦੀ ਨਹੀਂ ਬਲਕਿ ਪੂਰੇ ਪੰਜਾਬ ਦੀ ਹੈ। ਇਸ ਲਈ ਜਲਾਲਾਬਾਦ ਦੇ ਲੋਕਾਂ ਨੂੰ ਕਾਂਗਰਸ ਅਤੇ ਅਕਾਲੀਆਂ ਖਿਲਾਫ ਖੁਦ ਲੜਨਾ ਪਵੇਗਾ। ਉਨਾਂ ਕਿਹਾ ਕਿ ਵਾਰ-ਵਾਰ ਸਾਬਿਤ ਹੋ ਚੁੱਕਿਆ ਹੈ ਕਿ ਕੈਪਟਨ ਅਤੇ ਬਾਦਲ ਆਪਸ ਵਿਚ ਇਕ ਦੂਜੇ ਨੂੰ ਬਚਾਉਣ ਲਈ ਰਲ ਕੇ ਚੋਣਾਂ ਲੜਦੇ ਰਹੇ ਹਨ। ਕੇਵਲ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਲੋਕਾਂ ਲਈ ਲੜ ਰਹੀ ਹੈ।

ਕੇਜਰੀਵਾਲ ਨੇ ਨਾਲ ਹੀ ਇਕ ਹੋਰ ਮਤਾ ਰੱਖਿਆ ਕਿ ਜੇਕਰ ਸੁਖਬੀਰ ਬਾਦਲ ਆਪਣੀ ਹਾਰ ਦੇ ਡਰ ਤੋਂ ਜਲਾਲਾਬਾਦ ਹਲਕਾ ਛੱਡ ਕੇ ਭੱਜ ਜਾਂਦਾ ਹੈ ਤਾਂ ਭਗਵੰਤ ਮਾਨ ਵੀ ਪਿਛਾ ਨਹੀਂ ਛੱਡੇਗਾ। ਮਾਨ ਵੀ ਉਸੇ ਹਲਕੇ ਤੋਂ ਚੋਣ ਲੜੇਗਾ ਜਿਥੋਂ ਸੁਖਬੀਰ ਬਾਦਲ ਚੋਣ ਲੜੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਇਕੱਠੇ ਹੋ ਕੇ ਉਨਾਂ ਨੂੰ (ਅਰਵਿੰਦ ਕੇਜਰੀਵਾਲ) ਕਾਲੀਆਂ ਝੰਡੀਆਂ ਦਿਖਾਉਦੇ ਹਨ। ਆਪਸ ਵਿਚ ਇਕ ਦੂਜੇ ਨੂੰ ਅਕਾਲੀ ਕਾਂਗਰਸੀ ਕਦੇ ਵੀ ਕਾਲੀਆਂ ਝੰਡੀਆਂ ਦਿਖਾਉਂਦੇ ਨਜ਼ਰ ਨਹੀਂ ਆਉਂਦੇ। ਇਸਤੋਂ ਵੀ ਪਤਾ ਚਲਦਾ ਹੈ ਕਿ ਅਕਾਲੀ ਅਤੇ ਕਾਂਗਰਸੀ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਚੋਣਾਂ ਲੜ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੇ ਲੋਕ ਸਭ ਸਮਝ ਰਹੇ ਹਨ ਅਤੇ ਦਿੱਲੀ ਵਾਲਾ ਇਤਿਹਾਸ ਦੁਹਰਾ ਕੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਛੋਟੇ ਅਤੇ ਸਧਾਰਣ ਲੋਕ ਹਾਂ ਸਾਡੇ ਕੋਲ ਸੱਚ ਅਤੇ ਇਮਾਨਦਾਰੀ ਤੋਂ ਸਿਵਾਏ ਕੁਝ ਵੀ ਨਹੀਂ ਹੈ ਪਰ ਬਾਦਲ ਅਤੇ ਕੈਪਟਨ ਕੋਲ ਸਭ ਕੁਝ ਹੈ ਪਰੰਤੂ ਇਮਾਨਦਾਰੀ ਅਤੇ ਸੱਚੀ ਨੀਅਤ ਨਹੀਂ ਹੈ। ਉਨ੍ਹਾਂ ਨੇ ਨਾਲ ਹੀ ਐਲਾਨ ਕੀਤਾ ਕਿ ਉਹ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਵਿਦੇਸ਼ੀ ਖਾਤਿਆਂ ਦੇ ਨੰਬਰਾਂ ਦਾ ਖੁਲਾਸਾ ਕਰਨਗੇ।
ਇਸ ਮੌਕੇ ਭਗਵੰਤ ਮਾਨ ਨੇ ਜਲਾਲਾਬਾਦ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਲੜਾਈ ਤੁਹਾਨੂੰ ਹੀ ਲੜਨੀ ਪਵੇਗੀ, ਪਰੰਤੂ ਬਾਦਲਾਂ ਤੋਂ ਬਿਲਕੁਲ ਵੀ ਡਰਨ ਦੀ ਜਰੂਰਤ ਨਹੀਂ ਹੈ। ਉਨਾਂ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਆਮ ਉਮੀਦਵਾਰ ਅਕਾਲੀ ਅਤੇ ਕਾਂਗਰਸੀਆਂ ਦੇ ਵੱਡੇ-ਵੱਡੇ ਥੰਮਾਂ ਨੂੰ ਡੇਗਣਗੇ। ਇਸ ਮੌਕੇ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ), ਸੰਜੇ ਸਿੰਘ, ਐਮ.ਪੀ ਪ੍ਰੋ. ਸਾਧੂ ਸਿੰਘ , ਐਡਵੋਕੇਟ ਐਚ.ਐਸ. ਫੂਲਕਾ, ਜਗਮੀਤ ਬਰਾੜ ਸਾਬਕਾ ਐਮਪੀ, ਸੁਖਪਾਲ ਸਿੰਘ ਖਹਿਰਾ, ਐਮ.ਐਲ.ਏ (ਦਿੱਲੀ) ਜਰਨੈਲ ਸਿੰਘ, ਮੋਹਨ ਸਿੰਘ ਫਲੀਆਂਵਾਲਾ, ਜਨਰਲ ਸਕੱਤਰ ਗੁਲਸ਼ਨ ਛਾਬੜਾ, ਗੁਰੂ ਹਰਸਾਏ ਤੋਂ ਉਮੀਦਵਾਰ ਮਲਕੀਤ ਸਿੰਘ ਥਿੰਦ, ਫਾਜਿਲਕਾ ਤੋਂ ਉਮੀਦਵਾਰ ਸਮਰਬੀਰ ਸਿੰਘ, ਮਲੋਟ ਤੋਂ ਉਮੀਦਵਾਰ ਪ੍ਰਿੰਸੀਪਲ ਬਲਦੇਵ ਸਿੰਘ, ਫਰੀਦਕੋਟ ਤੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ, ਬਲੂਆਣਾ ਤੋਂ ਗਿਰੀਰਾਜ ਰਾਜੌਰਾ, ਮੁਕਤਸਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਆਦਿ ਹਾਜ਼ਰ ਸਨ।