ਆਕਲੈਂਡ(12 ਜੂਨ, 2015): ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਨੂੰ ਅਦਾਲਤਾਂ ਵੱਲੋਂ ਦਿੱਤੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਜਾਣ ਦੇ ਰੋਸ ਵਜੋਂ ਬਾਪੂ ਸੂਰਤ ਸਿੰਘ ਜੋ ਕਰੀਬ ਪਿਛਲੇ 146 ਦਿਨ ਤੋਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਹਸਨਪੁਰ ਪਿੰਡ ‘ਚ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਹਨ, ਦੀ ਹਮਾਇਤ ਦੀ ਵਿੱਚ ਨਿਉਜ਼ੀਲੈਂਡ ਦੀ ਸਿੱਖ ਸੰਗਤ ਵੀ ਲਾਮਬੱਧ ਹੋਣ ਲੱਗੀ ਹੈ।

ਇਸ ਸਬੰਧੀ ਗੱਲ ਕਰਦੇ ਸੁਪਰੀਮ ਸਿੱਖ ਕੌਂਸਲ ਦੇ ਬੁਲਾਰੇ ਨੇ ਕਿਹਾ ਕੇ ਸਮੇਂ-ਸਮੇਂ ‘ਤੇ ਨਿਊਜ਼ੀਲੈਂਡ ‘ਚ ਵਸਦੇ ਸਿੱਖ ਪੰਜਾਬ ਅਤੇ ਅਤੇ ਸਿੱਖ ਕੌਮ ਲਈ ਆਵਾਜ਼ ਬੁਲੰਦ ਕਰਦੇ ਰਹੇ ਹਨ ਅਤੇ ਹੁਣ ਵੀ ਪਹਿਲੇ ਦਿਨ ਤੋਂ ਬਾਪੂ ਸੂਰਤ ਸਿੰਘ ਦੀ ਹਮਾਇਤ ‘ਤੇ ਹਨ। ਹੁਣ ਉਨ੍ਹਾਂ ਨਿਊਜ਼ੀਲੈਂਡ ਦੀ ਸਮੂਹ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਿਊਜ਼ੀਲੈਂਡ ‘ਚ ਇਕੱਠੇ ਹੋ ਕੇ ਬਾਪੂ ਸੂਰਤ ਸਿੰਘ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਤਾਂ ਜੋ ਭਾਰਤ ਅਤੇ ਪੰਜਾਬ ਦੀ ਸਰਕਾਰ ‘ਤੇ ਦਬਾਅ ਬਣ ਸਕੇ ਅਤੇ ਬਾਪੂ ਸੂਰਤ ਸਿੰਘ ਦੇ ਬੰਦੀ ਸਿੰਘ ਰਿਹਾਈ ਅੰਦੋਲਨ ਨੂੰ ਹੋਰ ਹੁੰਗਾਰਾ ਮਿਲ ਸਕੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਜਲਦ ਹੀ ਸਮੂਹ ਸੰਗਤ ਨਾਲ ਮਿਲ ਕੇ ਨਿਊਜ਼ੀਲੈਂਡ ‘ਚ ਭਾਰਤ ਦੇ ਰਾਜਦੂਤ ਨੂੰ ਅਤੇ ਇਕ ਮੰਗ-ਪੱਤਰ ਨਿਊਜ਼ੀਲੈਂਡ ਦੀ ਸਰਕਾਰ ਨੂੰ ਦਿੱਤਾ ਜਾਵੇਗਾ ਤਾਂ ਜੋ ਭਾਰਤ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਆਉਣ ਵਾਲੇ ਦਿਨ ‘ਚ ਸਮੂਹ ਸੰਗਤ ਦੇ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ।
ਉਨ੍ਹਾਂ ਕਿਾਹ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਨਾ ਕਰਨਾ ਜਿੱਥੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ, ਉੱਥੇ ਇਸ ਨਾਲ ਭਾਰਤੀ ਨਿਜ਼ਾਮ ਦਾ ਸਿੱਖਾਂ ਪ੍ਰਤੀ ਪੱਖਪਾਤੀ ਅਤੇ ਨਫਰਤੀ ਰਵੱਈਆ ਵੀ ਸਾਹਮਣੇ ਆਉਂਦਾ ਹੈ।