ਅੰਮਿ੍ਤਸਰ (25 ਮਈ 2014): ਪੰਜਾਬ ਸਰਕਾਰ ਅਤੇ ਅਕਾਲੀ ਦਲ ਦੀ ਹੋ ਰਹੀ ਬਦਨਾਮੀ ਕਾਰਨ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿ਼ਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਵਾਲੇ ਪੁਲਿਸ ਅਫਸਰਾਂ ਦੇ ਮਾੜੇ ਦਿਨ ਅਉਣੇ ਸ਼ੁਰੂ ਹੋ ਗਏ ਹਨ। ਪੰਜਾਬ ਪੁਲਿਸ ਨੂੰ ਨਸ਼ਿਆਂ ਦੇ ਕਾਰੋਬਾਰ ਵਿੱਚ ਲਿਪਤ ਆਪਣੇ ਹੀ ਅਫਸਰਾਂ ‘ਤੇ ਕਾਰਵਾਈ ਕਰਨੀ ਪੈ ਰਹੀ ਹੈ।
ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਅਤੇ ਇਨ੍ਹਾਂ ਵਿੱਚ ਤਬਾਹ ਹੋ ਰਹੀ ਪੰਜਾਬ ਦੀ ਜਵਾਨੀ ਕਾਰਨ ਬਦਨਾਮ ਹੋ ਰਹੀ ਪੰਜਾਬ ਦੀ ਅਕਾਲੀ ਸਰਕਾਰ ਨੇ ਆਖਰ ਨਸ਼ਿਆਂ ਖਿਲਾਫ ਕਾਰਵਾਈ ਕਰਨ ਦਾ ਮਨ ਬਣਾ ਹੀ ਲਿਆ।
ਹਾਲ ਹੀ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਨਸ਼ਿਆਂ ਦਾ ਮੁੱਦਾ ਇੱਕ ਲੋਕ ਮੁੱਦੇ ਵਜੋਂ ਉਭਰਿਆ ਅਤੇ ਇਸ ਕਾਰਨ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਰੋਹ ਦਾ ਸ਼ਿਕਾਰ ਹੋਣਾ ਪਿਆ।
ਸਰਕਾਰ ਦੇ ਹੁਕਮਾਂ ਤਹਿਤ ਪੁਲਿਸ ਦੀ ਇਸ ਕਾਰਵਈ ਦੀ ਗਾਜ ਸਭ ਤੋਂ ਪਹਿਲਾਂ ਜਿਲਾ ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਥਾਣਾ ਮੁਖੀ ਕੁਲਵੰਤ ਸਿੰਘ ‘ਤੇ ਪਈ ਜਦੋਂ ਉਸਨੂੰ ਨਸ਼ਾਂ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਦੇ ਦੋਸ਼ ਵਿੱਚ ਗੁਰਦਾਸਪੁਰ ਦੇ ਐੱਸ. ਐੱਸ. ਪੀ ਸੁਖਵੰਤ ਸਿੰਘ ਗਿੱਲ ਨੇ ਬਰਖਾਸਤ ਕਰ ਦਿੱਤਾ।
ਅੱਜ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਨੇ ਬਾਬਾ ਬਕਾਲਾ ਸਾਹਿਬ ਦੇ ਡੀ. ਐਸ. ਪੀ. ਦਿਨੇਸ਼ ਸਿੰਘ ਨੂੰ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਦੇ ਸ਼ੱਕ ਤਹਿਤ ਮੁਅੱਤਲ ਕਰ ਦਿੱਤਾ ।ਜਾਣਕਾਰੀ ਅਨੁਸਾਰ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਨੇ ਡੀ. ਐਸ. ਪੀ. ਦਿਨੇਸ਼ ਸਿੰਘ ਨੂੰ ਮਅੱਤਲ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ।