ਲੁਧਿਆਣਾ: ਬਾਦਲ ਦਲ ਵੱਲੋਂ ਮੰਗਲਵਾਰ ਲੁਧਿਆਣਾ ਵਿਖੇ ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਜਾਰੀ ਕੀਤੇ ਗਏ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਿਆਂ ਅਤੇ ਰਿਆਇਤਾਂ ਦੀ ਵਰਖਾ ਕੀਤੀ ਗਈ। ਚੋਣ ਮਨੋਰਥ ਪੱਤਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਜਾਰੀ ਕੀਤਾ। 52 ਸਫ਼ਿਆਂ ਦੇ ਇਸ ਪੱਤਰ ਦਾ ਵਿਸ਼ਲੇਸ਼ਣ ਕਰਦਿਆਂ ਬਾਦਲ ਨੇ ਦਾਅਵਾ ਕੀਤਾ ਕਿ ਤੀਜੀ ਵਾਰ ਬਣਨ ਜਾ ਰਹੀ ਬਾਦਲ ਦਲ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮਕਸਦ ਪੰਜਾਬ ਦੇ ਮੂਲਭੂਤ ਢਾਂਚੇ ਨੂੰ ਵਿਸ਼ਵ ਪੱਧਰੀ ਤਰੀਕੇ ਨਾਲ ਵਿਕਸਿਤ ਕਰਨਾ ਹੋਵੇਗਾ। ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇਗਾ, ਡੇਢ ਸੌ ਕਿਲੋਮੀਟਰ ਦੇ ਘੇਰੇ ਵਿੱਚ ਜਹਾਜ਼ਾਂ ਦੇ ਅੱਡੇ ਬਣਾਏ ਜਾਣਗੇ, ਲੋਕਾਂ ਨੂੰ ਸੁਰੱਖਿਆ ਕਵਚ ਦੇਣ ਲਈ ਪਿੰਡਾਂ-ਸ਼ਹਿਰਾਂ ਦੀਆਂ ਹੱਦਾਂ ’ਤੇ ਸੀਸੀਟੀਵੀ ਕੈਮਰੇ ਲਾਏ ਜਾਣਗੇ, 20 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ, ਸਨਅਤੀ ਹੱਬ ਬਣਾਏ ਜਾਣਗੇ ਅਤੇ ਨਿਊ ਚੰਡੀਗੜ੍ਹ ਤੇ ਅੰਮ੍ਰਿਤਸਰ ਸ਼ਹਿਰ ਸੈਰ-ਸਪਾਟੇ ਨੂੰ ਸਮਰਪਿਤ ਹੋਣਗੇ।
ਬਾਦਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਦੇ ਵੱਡੇ-ਛੋਟੇ 160 ਸ਼ਹਿਰਾਂ ਕਸਬਿਆਂ ਵਿੱਚ ਸੀਵਰੇਜ, ਪਾਣੀ ਅਤੇ ਅੰਦਰੂਨੀ ਸੜਕਾਂ ਨੂੰ 90 ਫੀਸਦੀ ਆਧੁਨਿਕ ਬਣਾਇਆ ਗਿਆ ਹੈ। ਬਾਕੀ ਰਹਿੰਦਾ ਕੰਮ ਅਗਲੇ ਇੱਕ ਸਾਲ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ 12000 ਪਿੰਡਾਂ ਨੂੰ ਆਧੁਨਿਕ ਮੂਲ ਢਾਂਚੇ ਨਾਲ ਜੋੜ ਕੇ ਪਿੰਡਾਂ ਤੇ ਸ਼ਹਿਰਾਂ ਦੇ ਫਰਕ ਨੂੰ ਖ਼ਤਮ ਕੀਤਾ ਜਾਵੇਗਾ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਲ 5 ਏਕੜ ਵਾਲੇ ਕਿਸਾਨਾਂ ਨੂੰ ਬਿਨਾਂ ਵਿਆਜ 2 ਲੱਖ ਰੁਪਏ ਤੱਕ ਕਰਜ਼ੇ ਦੀਆਂ ਲਿਮਟਾਂ ਬਣਾਕੇ ਦਿੱਤੀਆਂ ਜਾਣਗੀਆਂ ਤੇ ਵਿਆਜ ਦੇ ਪੈਸੇ ਸਰਕਾਰ ਅਦਾ ਕਰੇਗੀ। ਕਿਸਾਨਾਂ ਨੂੰ ਮੁਫ਼ਤ ਬਿਜਲੀ ਅੱਠ ਦੀ ਥਾਂ 10 ਘੰਟੇ ਦਿੱਤੀ ਜਾਵੇਗੀ, ਮੁਹਾਲੀ ਅਤੇ ਅੰਮ੍ਰਿਤਸਰ ਆਈ.ਟੀ. ਹੱਬ ਬਣਾਏ ਜਾਣਗੇ, ਰਾਜਪੁਰੇ ਵਿੱਚ ਢਾਈ ਸੌ ਏਕੜ ਜ਼ਮੀਨ ਵਿੱਚ ਇੰਡਸਟ੍ਰੀਅਲ ਹੱਬ ਬਣੇਗਾ।

ਹਰ ਜ਼ਿਲ੍ਹੇ ਵਿੱਚ ਗਰੀਬ ਬੱਚਿਆਂ ਲਈ ਮੈਰੀਟੋਰੀਅਸ ਸਕੂਲ ਖੋਲ੍ਹੇ ਜਾਣਗੇ, ਸਰਕਾਰੀ ਸਕੂਲਾਂ ਦੇ 12ਵੀਂ ਪਾਸ ਟੌਪਰ ਬੱਚਿਆ ਨੂੰ ਸਰਕਾਰ ਵਿਦੇਸ਼ਾਂ ਵਿੱਚ ਮੁਫਤ ਪੜ੍ਹਾਈ ਲਈ ਭੇਜੇਗੀ, ਸ਼ਗਨ ਸਕੀਮ 51000 ਰੁਪਏ ਕੀਤੀ ਜਾਵੇਗੀ। ਉਨ੍ਹਾਂ ਅੰਤ ਵਿੱਚ ਕਿਹਾ ਕਿ ਆਟਾ-ਦਾਲ ਦੇ ਨਾਲ ਖੰਡ 10 ਰੁਪਏ ਅਤੇ ਘਿਉ 25 ਰੁਪਏ ਕਿਲੋ ਦਿੱਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਆਦਿ ਆਗੂ ਵੀ ਹਾਜ਼ਰ ਸਨ।
ਇਸ ਮੌਕੇ ਸੁਖਬੀਰ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਨਵਜੋਤ ਸਿੱਧੂ ਨਾਲ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਦੀ ਗੱਲਬਾਤ ਹੋ ਚੁੱਕੀ ਹੈ। ਕਾਂਗਰਸ ਵਾਲੇ ਕੈਪਟਨ ਨੂੰ ਤਾਂ ਐਵੇਂ ਹੀ ਤੋਰੀ ਫਿਰਦੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਤਾਂ ਕੈਪਟਨ ਨਾਲ ਕੋਈ ਰਿਸ਼ਤੇਦਾਰੀ ਨਹੀਂ ਪੈਂਦੀ ਪ੍ਰੰਤੂ ਫੂਲਕਾ ਤੇ ਜਗਦੀਸ਼ ਟਾਈਟਲਰ ਦੇ ਆਪਸੀ ਕਾਰੋਬਾਰ ਜ਼ਰੂਰ ਸਾਂਝੇ ਹਨ।
ਦੂਜੇ ਪਾਸੇ ਕੈਪਟਨ ਅਮਰਿੰਦਰ ਨੇ ਬਾਦਲ ਦਲ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ, ਜੋ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਉਨ੍ਹਾਂ ਜਾਰੀ ਬਿਆਨ ਵਿੱਚ ਆਖਿਆ ਕਿ ਬਾਦਲ ਸਰਕਾਰ ਪਿਛਲੀਆਂ ਚੋਣਾਂ ਵਿੱਚ ਕੀਤੇ 20 ਫ਼ੀਸਦੀ ਵਾਅਦੇ ਵੀ ਪੂਰੇ ਨਹੀਂ ਕਰ ਸਕੀ ਹੈ। ਹੁਣ ਲੋਕ ਝੂਠੇ ਵਾਅਦਿਆਂ ’ਤੇ ਵਿਸ਼ਵਾਸ ਨਹੀਂ ਕਰਨਗੇ।