ਮੁੰਬਈ, 27 ਸਤੰਬਰ, 2014): ਭਾਜਪਾ-ਸ਼ੈਨਾ ਗੱਠਜੋੜ ਟੁੱਟ ਚੁੱਕਿਆ ਹੈ ਅਤੇ ਹੁਣ ਬੀਤੇ ਸਮੇਂ ਵਿੱਚ ਰਹੀਆਂ ਭਾਈਵਾਲ ਪਾਰਟੀਆਂ ਵੱਲੋਂ ਇੱਕ-ਦੂਜੇ ‘ਤੇ ਦੋਸ਼ ਲਾਉਣੇ ਸ਼ੁਰੂ ਹੋ ਗਏ ਹਨ।ਅੱਜ ਸਾਬਕਾ ਭਾਈਵਾਲ ਭਾਜਪਾ ‘ਤੇ ਨਿਸ਼ਾਨਾ ਲਾਉਂਦਿਆਂ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਉਸ ਦੇ ਨੇਤਾ ਬਾਲ ਠਾਕਰੇ ਹੀ ਸਨ ਜਿਹੜੇ ਹਿੰਦੂਤਵ ਲਈ ਡਟੇ ਰਹੇ ਜਦਕਿ ਦੂਜਿਆਂ ਨੇ ਇਸ ਦਾ ‘ਸਿਆਸੀ ਲਾਭ ਲਈ’ ਇਸਤੇਮਾਲ ਕੀਤਾ।
ਸ਼ਿਵ ਸੈਨਾ ਨੇ ਕਿਹਾ ਕਿ ਮਹਾਰਾਸ਼ਟਰ ਨੂੰ ਜਿੱਤਣ ਦੀ ਇੱਛਾ ਲੈ ਕੇ ਜੋ ਵੀ ਆਏ, ਉਹ ਰਾਜ ਦੀ ਜ਼ਮੀਨ ਵਿਚ ਹੀ ਦਫ਼ਨ ਹੋ ਗਏ। ਪਾਰਟੀ ਨੇ ਭਾਜਪਾ ਨੂੰ ਕੇਂਦਰ ਦੀ ਸੱਤਾ ਵਿਚ ਲਿਆਉਣ ਦਾ ਸਿਹਰਾ ਬਾਲ ਠਾਕਰੇ ਦੀਆਂ ਕੋਸ਼ਿਸ਼ਾਂ ਨੂੰ ਦਿਤਾ।
ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ਵਿਚ ਕਿਹਾ ਗਿਆ ਹੈ, ”ਲੜਾਈ (15 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ) ਆਤਮ ਸਨਮਾਨ ਦੀ ਹੈ। ਚਾਹੇ ਔਰੰਗਜ਼ੇਬ ਹੋਵੇ ਜਾਂ ਅਫ਼ਜਲ ਖਾਨ, ਜੋ ਵੀ ਸਿਰਫ ਸਵਾਰਥ ਨਾਲ ਆਏ ਜਾਂ ਤਾਂ ਦਫ਼ਨ ਹੋ ਗਏ ਜਾਂ ਨਸ਼ਟ ਹੋ ਗਏ।”
ਸਾਮਨਾ ਵਿਚ ਕਿਹਾ ਗਿਆ ਹੈ, ”ਸ਼ਿਵਾਜੀ ਮਹਾਰਾਜ ਤੋਂ ਬਾਅਦ, ਬਾਲ ਠਾਕਰੇ ਸਨ ਜਿਨ੍ਹਾਂ ਇਤਿਹਾਸ ਬਣਾਇਆ। ਸ਼ਿਵ ਸੈਨਾ ਪ੍ਰਮੁੱਖ ਹੀ ਸਨ ਜਿਨ੍ਹਾਂ ਦੀ ਦੇਸ਼ ਵਿਚ ਹਿੰਦੂਤਵ ਝੰਡਾ ਲਹਿਰਾਉਣ ਪ੍ਰਤੀ ਵਚਨਬੱਧਤਾ ਸੀ।”
ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਅਤੇ ਦੇਸ਼ ਵਿਚ ਹਿੰਦੂਤਵ ਦਾ ਪ੍ਰਚਾਰ ਯਕੀਨੀ ਬਣਾਉਣ ਲਈ ਬਾਲ ਠਾਕਰੇ ਨੂੰ ਕਈ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਜਿਵੇਂ ਔਰੰਗਜ਼ੇਬ ਦੇ ਮਾਮਲੇ ਵਿਚ ਹੋਇਆ, ਉਂਜ ਹੀ ਨਵੇਂ ਔਰੰਗਜ਼ੇਬ ਹਾਰ ਜਾਣਗੇ।
ਭਾਜਪਾ ਲੀਡਰਸ਼ਿਪ ‘ਤੇ ਹਮਲਾ ਕਰਦਿਆਂ ਮੁੱਖ ਪੱਤਰ ਵਿਚ ਕਿਹਾ ਗਿਆ ਹੈ, ”ਔਰੰਗਜ਼ੇਬ ਨੇ ਮਰਾਠਾ ਸ਼ਾਸਨ ਨੂੰ ਉਖਾੜ ਸੁੱਟਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਫ਼ਲ ਨਹੀ ਹੋ ਸਕਿਆ। ਮਹਾਰਾਸ਼ਟਰ ਨੇ ਹਮੇਸ਼ਾ ਰਾਸ਼ਟਰ ਹਿੱਤ ਨੂੰ ਤਵੱਜੋ ਦਿਤੀ ਹੇ ਪਾਰਟੀ ਸਿਆਸੀ ਲਾਭ ਲਈ ਹਿੰਦੂਤਵ ਦੀ ਵਰਤੋਂ ਨਹੀਂ ਕਰਦੀ।”