ਜਲੰਧਰ: ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਵਿੱਚ ਹੋਏ ਅੱਤਵਾਦੀ ਹਮਲੇ ਬਾਰੇ ਇੱਕ ਵੱਡਾ ਖੁਲਾਸਾ ਕਰਦਿਆਂ ਬੀ.ਐਸ.ਐਫ ਦੇ ਆਈ.ਜੀ ਅਨਿਲ ਪਾਲੀਵਾਲ ਨੇ ਕਿਹਾ ਹੈ ਕਿ ਦੀਨਾਨਗਰ ਹਮਲੇ ਨਾਲ ਸੰਬੰਧਿਤ ਅੱਤਵਾਦੀ ਪੰਜਾਬ ਨਾਲ ਲੱਗਦੀ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖਲ ਨਹੀਂ ਹੋਏ ਸਨ।

ਅਨਿਲ ਪਾਲੀਵਾਲ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੀ ਜਾਂਚ ਕੀਤੀ ਗਈ ਪਰ ਕਿਧਰੋਂ ਵੀ ਅਜਿਹਾ ਸਬੂਤ ਜਾ ਸੁਰਾਗ ਹੱਥ ਨਹੀਂ ਲੱਗਿਆ ਜਿੱਥੋਂ ਪਤਾ ਲੱਗਦਾ ਹੋਵੇ ਕਿ ਅੱਤਵਾਦੀ ਸਰਹੱਦ ਪਾਰ ਤੋਂ ਪੰਜਾਬ ਵਿੱਚ ਦਾਖਲ ਹੋਏ।
ਬੀ.ਐਸ.ਐਫ ਵੱਲੋਂ ਕੀਤਾ ਗਿਆ ਇਹ ਦਾਅਵਾ ਇਸ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੇ ਦਾਅਵੇ ਤੋਂ ਬਿਲਕੁਲ ਉਲਟ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਅੱਤਵਾਦੀ ਪੰਜਾਬ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਪੰਜਾਬ ਵਿੱਚ ਆਏ ਸਨ।
ਬੀ.ਐਸ.ਐਫ ਦੇ ਅਧਿਕਾਰੀ ਨੇ ਇਹ ਵੀ ਕਿਹਾ ਕਿ ਦੀਨਾਨਗਰ ਅੱਤਵਾਦੀ ਹਮਲੇ ਸੰਬੰਧੀ ਜੋ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ ਉਸ ਸੰਬੰਧੀ ਬੀ.ਐਸ.ਐਫ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਜਿਕਰਯੋਗ ਹੈ ਕਿ ਦੀਨਾਨਗਰ ਅੱਤਵਾਦੀ ਹਮਲੇ ਬਾਰੇ ਜੀਪੀਐਸ ਦੀ ਜਾਣਕਾਰੀ ਦੱਸਦੀ ਸੀ ਕਿ ਅੱਤਵਾਦੀ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ ਬਮਿਆਲ ਇਲਾਕੇ ‘ਚ ਰਾਵੀ ਦਰਿਆ ਪਾਰ ਕਰਕੇ 26-27 ਜੁਲਾਈ ਦੀ ਰਾਤ ਨੂੰ ਭਾਰਤ ਵਿੱਚ ਦਾਖਲ ਹੋਏ ਸਨ ਅਤੇ ਉੱਥੋਂ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਤੱਕ ਪੈਦਲ ਚਲ ਕੇ ਆਏ ਸਨ।
ਬੀ.ਐਸ.ਐਫ ਦੇ ਜਵਾਨਾਂ ਦੀ ਪਾਕਿਸਤਾਨ ਦੀ ਖੁਫੀਆ ਅਜੈਂਸੀ ਨਾਲ ਕਥਿਤ ਮਿਲੀਭੁਗਤ ਸਾਹਮਣੇ ਆਉਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਜਦੋਂ ਵੀ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
ਪੰਜਾਬ ਸਰਕਾਰ ਵੱਲੋਂ ਸਰਹੱਦ ਪਾਰ ਤੋਂ ਹੋ ਰਹੇ ਨਸ਼ਿਆਂ ਦੀ ਤਸਕਰੀ ਬਾਰੇ ਲਾਏ ਜਾ ਰਹੇ ਦੋਸ਼ਾਂ ਸੰਬੰਧੀ ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੇ ਕਈ ਕਾਰਨ ਹਨ ਜਿਸ ਵਿੱਚੋਂ ਮੁੱਖ ਤੌਰ ਤੇ ਸਰਹੱਦ ਦੀ ਭੁਗੋਲਿਕ ਸਥਿਤੀ ਹੈ।