ਕੈਲਗਰੀ (3 ਨਵੰਬਰ, 2015): ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਹੋਏ ਅਣਮਨੁੱਖੀ ਸਿੱਖ ਕਤਲੇਆਮ ਦੀ ਯਾਦ ਵਿੱਚ 1999 ਤੋਂ ਲਗਾਤਾਰ ਹਰ ਸਾਲ ਨਵੰਬਰ ਮਹੀਨੇ ਵਿੱਚ ਲਾਏ ਜਾਂਦੇ ਖੂਨਦਾਨ ਕੈਂਪਾਂ ਦੀ ਲੜੀ ਵਿੱਚ ਇਸ ਵਾਰ ਕੈਲਗਰੀ ਦੇ ਬਿਸ਼ਪ ਮਕਨੈਲੀ ਹਾਈ ਸਕੂਲ ਨਾਰਥ ਈਸਟ ਵਿੱਚ ‘ਸਿੱਖ ਨੇਸ਼ਨ ਬਲੱਡ ਡੋਨੇਸ਼ਨ’ ਕੈਂਪ 7 ਤੇ 21 ਨਵੰਬਰ ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਲਗਾਏ ਜਾ ਰਹੇ ਹਨ।

ਸਿੱਖ ਸੰਗਤ ਵਿੱਚ ਇਸ ਵਾਰ ਇਨ੍ਹਾਂ ਕੈਂਪਾਂ ਲਈ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕੈਂਪਾਂ ਲਈ 350 ਤੋਂ ਵੱਧ ਖੂਨਦਾਨੀਆਂ ਵੱਲੋਂ ਰਜਿਸਟਰੇਸ਼ਨ ਕਰਵਾਈ ਜਾ ਚੁੱਕੀ ਹੈ। ਬੱਚਿਆਂ ਵੱਲੋਂ ਵੀ ਬੜੇ ਉਤਸ਼ਾਹ ਨਾਲ ਵਲੰਟੀਅਰ ਸੇਵਾਵਾਂ ਲਈ ਨਾਮ ਲਿਖਾਏ ਜਾ ਰਹੇ ਹਨ।
ਕੈਂਪ ਦੇ ਪ੍ਰਬੰਧਕ ਬਲਵਿੰਦਰ ਸਿੰਘ ਕਾਹਲੋਂ, ਹਰਚਰਨ ਸਿੰਘ ਪਰਹਾਰ ਅਤੇ ਮਨਜੀਤ ਸਿੰਘ ਖਾਲਸਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪਿਛਲੇ ਦੋ ਹਫਤਿਆਂ ਤੋਂ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਵੀ ਖੂਨਦਾਨ ਕਰਨ ਵਾਲਿਆਂ ਦੇ ਨਾਮ ਦਰਜ ਕੀਤੇ ਜਾ ਰਹੇ ਹਨ।
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਸੰਗਤ ਨੂੰ ਸੰਬੋਧਨ ਕਰਦੇ ਹੋਏ ਬਲਵਿੰਦਰ ਸਿੰਘ ਕਾਹਲੋਂ ਨੇ ਸੰਗਤ ਵੱਲੋਂ ਹਰ ਸਾਲ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਦੱਸਿਆ ਕਿ ਇਨ੍ਹਾਂ ਕੈਂਪਾਂ ਰਾਹੀਂ ਜਿਥੇ ਉਹ ਸ਼ਹੀਦਾਂ ਨੂੰ ਯਾਦ ਕਰਦੇ ਹਨ, ਉਥੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਵੀ ਪਾਉਂਦੇ ਹਨ।
ਦੱਸਣਯੋਗ ਹੈ ਕਿ ਕੈਲਗਰੀ ਤੋਂ ਇਲਾਵਾ ਕੈਨੇਡਾ ਦੇ ਹੋਰ ਕਈ ਸ਼ਹਿਰ ਸਰੀ, ਵੈਨਕੂਵਰ, ਐਬਟਸਫੋਰਡ, ਕਲੋਨਾ, ਐਡਮਿੰਟਨ, ਵਿਨੀਪੈਗ, ਟੋਰਾਂਟੋ, ਮਾਂਟਰੀਅਲ ਵਿੱਚ ਵੀ ਨਵੰਬਰ ਮਹੀਨੇ ਕੈਂਪ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਸਿੱਖ ਕਮਿਉਨਿਟੀ ਵੱਲੋਂ ਦਿੱਤੇ ਜਾਂਦੇ ਖੂਨ ਨਾਲ ਹਰ ਸਾਲ ਹਜ਼ਾਰਾਂ ਜਾਨਾਂ ਬਚਾਈਆਂ ਜਾਂਦੀਆਂ ਹਨ।