ਹੁਸ਼ਿਆਰਪੁਰ: ਫਰਜ਼ੀ ਨਿਰੰਕਾਰੀ ਮੁਖੀ ਹਰਦੇਵ ਸਿੰਘ ਦੀ ਮੌਤ ’ਤੇ ਅਫਸੋਸ ਕਰਨ ਅਤੇ ਉਸਨੂੰ ਅਧਿਆਤਮਕ ਆਗੂ ਕਹਿਣ ’ਤੇ ਦਲ ਖ਼ਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕੀਤਾ।
ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ, “ਇਹ ਅਧਿਆਤਮਕ ਆਗੂ ਸੀ ਤਾਂ ਕੈਪਟਨ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਸਥਾ ਸਵਾਲਾਂ ਦੇ ਘੇਰੇ ਵਿਚ ਹੈ।”
ਕੈਪਟਨ ਦੇ ਅਫਸੋਸ ਪ੍ਰਗਟ ਕਰਨ ’ਤੇ ਤਿੱਖਾ ਪ੍ਰਤੀਕਰਮ ਕਰਦੇ ਹੋਏ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਮੁਖੀ ਦਾ ਇਹ ਬਿਆਨ ਬਹੁਤ ਦੁਖ ਪਹੁੰਚਾਉਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਿਰੰਕਾਰੀ ਮੁਖੀ ਦੀ ਮੌਤ ’ਤੇ ਕਿਹਾ ਸੀ ਕਿ, “ਹਰਦੇਵ ਸਿੰਘ ਦੀ ਮੌਤ ਸਿਰਫ ਨਿਰੰਕਾਰੀਆਂ ਲਈ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਲਈ ਵੱਡਾ ਨੁਕਸਾਨ ਹੈ ਕਿਉਂਕਿ ਉਹ ਸਾਡੇ ਸਮੇਂ ਦੇ ਮਹਾਨ ਅਧਿਆਤਮਕ ਆਗੂ ਸਨ”।

ਉਨ੍ਹਾਂ ਕਿਹਾ ਕੈਪਟਨ ਨੇ ਸਿਰਫ ਮੌਤ ਦਾ ਦੁਖ ਹੀ ਪ੍ਰਗਟ ਨਹੀਂ ਕੀਤਾ ਸਗੋਂ ਉਸ ਬੰਦੇ ਦੀ ਤਰੀਫ ਕਰਨ ਲਈ ਹੱਦ ਟੱਪ ਗਿਆ, ਜਿਸਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕੀਤਾ। ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇਹ ਕੈਪਟਨ ਦੀ ਕਾਂਗਰਸ ਪਾਰਟੀ ਹੀ ਸੀ ਜਿਸਨੇ ਅਜਿਹੇ ਸਿੱਖ ਵਿਰੋਧੀ ਗੁਰੂਡੰਮ ਨੂੰ ਪ੍ਰਫੁੱਲਤ ਕੀਤਾ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ ਜੋ ਸਿੱਖੀ ਦੇ ਮੁੱਢਲੇ ਸਿਧਾਂਤਾਂ ਦੇ ਖਿਲਾਫ ਹੈ।
ਇੰਝ ਲਗਦਾ ਹੈ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਘਟੀਆ ਸੌੜੀ ਕਿਸਮ ਦੀ ਰਾਜਨੀਤੀ ਕਰਨ ‘’ਤੇ ਆ ਗਿਆ ਹੈ ਕੈਪਟਨ, ਪਟਿਆਲਾ ਘਰਾਣੇ ਵਾਲੇ ਇਹ ਭੁੱਲ ਗਏ ਹਨ ਉਹ ਸਿੱਖ ਪਹਿਲਾਂ ਹਨ ਅਤੇ ਨਿਰੰਕਾਰੀਆਂ ਨੂੰ ਸਿੱਖ ਪੰਥ ’ਚੋਂ ਛੇਕ ਦਿੱਤਾ ਗਿਆ ਸੀ। ਉਨ੍ਹਾਂ ਸਵਾਲ ਕੀਤਾ ਕਿ ਅਮਰਿੰਦਰ ਇਹ ਭੁੱਲ ਗਿਆ ਕਿ 13 ਅਪ੍ਰੈਲ, 1978 ਦੀ ਵਿਸਾਖੀ ਨੂੰ ਅੰਮ੍ਰਿਤਸਰ ’ਚ ਕੀ ਹੋਇਆ ਸੀ।
ਸਾਨੂੰ ਇਸ ਗੱਲ ’ਤੇ ਤਰਸ ਆ ਰਿਹਾ ਹੈ ਕਿ ਅੰਮ੍ਰਿਤਸਰ ਦੇ ਬਹੁਗਿਣਤੀ ਸਿੱਖਾਂ ਆਰ.ਐਸ.ਐਸ. ਹਮਾਇਤੀ ਅਰੁਣ ਜੇਤਲੀ ਨੂੰ ਹਰਾ ਕੇ ਕੈਪਟਨ ਨੂੰ ਆਪਣੀ ਅਵਾਜ਼ ਬਣਾ ਕੇ ਲੋਕ ਸਭਾ ਵਿਚ ਭੇਜਿਆ। ਪਰ ਹੁਣ ਬਿੱਲੀ ਥੈਲਿਉਂ ਬਾਹਰ ਆ ਗਈ ਅਤੇ ਕੈਪਟਨ ਬੇਨਕਾਬ ਹੋ ਗਿਆ ਹੈ।