ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਿੱਚਲੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਰੋਕੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮੀਡੀਆ ਨੂੰ ਜਾਰੀ ਬਿਆਨ ’ਚ ਕਿਹਾ ਕਿ ਜੂਨ 1972 ’ਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਜੁਲਫ਼ੀਕਾਰ ਅੱਲੀ ਭੁੱਟੋ ਵਿਚਾਲੇ ਕੂਟਨੀਤਿਕ ਫੈਸਲਾ ਹੋਇਆ ਸੀ। ਜਿਸਨੂੰ ਸ਼ਿਮਲਾ ਸਮਝੌਤਾ ਵੱਜੋਂ ਜਾਣਿਆ ਜਾਂਦਾ ਹੈ। ਸਮਝੌਤੇ ਅਨੁਸਾਰ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਭਾਰਤੀ ਸਿੱਖ ਸਾਲ ’ਚ 4 ਵਾਰ ਜਥੇ ਦੇ ਤੌਰ ‘ਤੇ ਜਾ ਸਕਦੇ ਹਨ। ਜਿਸ ਵਿਚ ਵਿਸਾਖੀ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ, ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਾਮਲ ਹਨ।
ਸਬੰਧਤ ਖ਼ਬਰ:
ਸਿੱਖ ਜੱਥੇ ਨੂੰ ਭਾਰਤ ਵਲੋਂ ਰੋਕਣ ਦੇ ਖਿਲਾਫ ਪਾਕਿਸਤਾਨ ਕਮੇਟੀ ਸੰਯੁਕਤ ਰਾਸ਼ਟਰ ਕੋਲ ਸ਼ਿਕਾਇਤ ਕਰੇਗੀ …
ਜੀ.ਕੇ. ਨੇ ਕਿਹਾ ਕਿ ਪਾਕਿਸਤਾਨੀ ਦੂਤਘਰ ਵੱਲੋਂ ਯਾਤਰਾ ਦੇ ਇਛੁੱਕ ਸਿੱਖਾਂ ਨੂੰ ਵੀਜ਼ਾ ਦੇਣ ਦੇ ਬਾਵਜੂਦ ਅਟਾਰੀ ਬਾਰਡਰ ’ਤੇ ਭਾਰਤੀ ਅਧਿਕਾਰੀਆਂ ਵੱਲੋਂ ਰੋਕੇ ਜਾਣਾ ਸ਼ਿਮਲਾ ਸਮਝੌਤਾ ਦੀ ਉਲੰਘਣਾ ਹੈ। ਜੀ.ਕੇ. ਨੇ ਖੁਲਾਸਾ ਕੀਤਾ ਕਿ 1948 ਤੋਂ ਲਗਾਤਾਰ ਭਾਰਤੀ ਯਾਤਰੀ ਹਰ ਸਾਲ ਪਾਕਿਸਤਾਨ ਵੱਖ-ਵੱਖ ਮੌਕਿਆਂ ’ਤੇ ਜਾਂਦੇ ਰਹੇ ਹਨ ਅਤੇ ਇਹ ਸਿਲਸਿਲਾ ਸਿੱਖ ਨਸ਼ਲਕੁਸ਼ੀ ਦੇ ਸਾਲ 1984 ਵਿਚ ਵੀ ਜਾਰੀ ਰਿਹਾ ਸੀ। ਸ਼੍ਰੋਮਣੀ ਅਤੇ ਦਿੱਲੀ ਕਮੇਟੀ ਨੂੰ ਪਾਕਿਸਤਾਨੀ ਯਾਤਰਾ ਦੌਰਾਨ ਸਿੱਖ ਯਾਤਰੂਆਂ ਦੀ ਹਿਫ਼ਾਜਤ ਆਪਣੇ ਸਿਰ ਲੈਣ ਦੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਸਲਾਹ ’ਤੇ ਵੀ ਜੀ.ਕੇ. ਨੇ ਸਵਾਲ ਖੜੇ ਕੀਤੇ। ਜੀ.ਕੇ. ਨੇ ਪੁੱਛਿਆ ਕਿ ਭਾਰਤ ਸਰਕਾਰ ਨੇ ਕਦੇ ਮੱਕਾ ਵਿਖੇ ਹੱਜ ਲਈ ਜਾਣ ਵਾਲੇ ਮੁਸਲਮਾਨਾਂ ਦੀ ਸੁਰੱਖਿਆ ਲਈ ਸਉਦੀ ਅਰਬ ਤੋਂ ਅਤੇ ਕੈਲਾਸ਼ ਮਾਨਸਰੋਵਰ ਦੀ ਯਾਤਰਾ ‘ਤੇ ਜਾਣ ਵਾਲੇ ਹਿੰਦੂ ਯਾਤਰੂਆਂ ਲਈ ਚੀਨ ਸਰਕਾਰ ਤੋਂ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਹੈ?
ਜੀ.ਕੇ. ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ 2019 ’ਚ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਭਾਰਤੀ ਉਪ ਮਹਾਂਦੀਪ ਦੇ ਸਿੱਖਾਂ ਦੇ ਜਥਿਆਂ ਨੂੰ ਖੁਲ੍ਹੇ ਦਿਲ ਨਾਲ ਭੇਜਣ ਲਈ ਕਾਰਜ ਕਰਨ ਦੀ ਨਸੀਹਤ ਦਿੰਦੇ ਹੋਏ ਸਾਲ ’ਚ ਜਾਣ ਵਾਲੇ ਜਥਿਆ ਦੀ ਗਿਣਤੀ 4 ਤੋਂ ਵੱਧਾ ਕੇ 6 ਕਰਨ ਦੀ ਵੀ ਮੰਗ ਕੀਤੀ। ਜ਼ਿਕਰਯੋਗ ਹੈ ਬੀਤੇ ਦਿਨੀਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਰਤ ਸਰਕਾਰ ਨੇ ਸਿੱਖ ਯਾਤਰੂਆਂ ਨੂੰ ਵੀਜ਼ਾ ਹੋਣ ਦੇ ਬਾਵਜੂਦ ਅਟਾਰੀ ਬਾਰਡਰ ਤੋਂ ਅੱਗੇ ਨਹੀਂ ਜਾਣ ਦਿੱਤਾ ਸੀ।
ਸਬੰਧਤ ਖ਼ਬਰ:
ਸਿੱਖ ਜਥੇ ਨੂੰ ਰੋਕਣ ‘ਤੇ ਹਰਸਿਮਰਤ ਦੀ ‘ਚੁੱਪ’ ਬਾਦਲ ਪਰਿਵਾਰ ਦੀ ਪੰਥ ਪ੍ਰਤੀ ਸੋਚ ਦਰਸਾਉਂਦੀ ਹੈ: ਸਰਨਾ …