ਜਲੰਧਰ ( 10 ਨਵੰਬਰ, 2014): ਆਮ ਆਦਮੀ ਪਾਰਟੀ ਦੇ ਲੀਡਰ ਅਤੇ ਭਾਰਤੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਿੰਦਰ ਸਿੰਘ ਫੁਲਕਾ ਵੱਲੋਂ ਨਵੰਬਰ 1984 ਵਿੱਚ ਸਿੱਖ ਨਸਲਕੁਸ਼ੀ ਸਮੇਂ ਬਹੁਗਿਣਤੀ ਜਨੂੰਨੀਆਂ ਹੱਥੋਂ ਮਾਰੇ ਭਾਰਤੀ ਫੌਜ ਅਤੇ ਸੁਰੱਖਿਆ ਦਸਤਿਆਂ ਨਾਲ ਸਬੰਧਿਤ ਸਿੱਖ ਅਫਸਰਾਂ ਅਤੇ ਜਵਾਨਾਂ ਦੇ ਲਈ ਇਨਸਾਫ ਅਤੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਇੱਕ ਸੁਚੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਹੈ।

ਉਨਾਂ ਨੇ 1984 ਵਿੱਚ ਹਰਿਅਣਾ ਦੇ ਗੁੜਗਾਉਂ ਜਿਲੇ ਦੇ ਪਿੰਡ ਹੋਂਦ ਚਿੱਲੜ ਵਿੱਚ ਹੋਏ ਸਿੱਖ ਕਤਲੇਆਮ ਸਮੇਂ ਮਾਰੇ ਗਏ ਸਿੱਖ ਫੌਜੀ ਇੰਦਰਜੀਤ ਸਿੰਘ ਦੇ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸਦੀ ਪਤਨੀ ਕਮਲਦੀਪ ਕੌਰ ਨੂੰ 26 ਸਾਲ ਇਹ ਵੀ ਪਤਾ ਨਹੀਂ ਲੱਗਿਆ ਕਿ ਉਸਦਾ ਪਤੀ ਕਿੱਥੇ ਮੁੱਕਿਆ ਅਤੇ ਉਸਦੀ ਪਤਨੀ ਵੱਲੋਂ ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਕਈ ਗੇੜੇ ਮਾਰਨ ਦੇ ਬਾਵਜੂਦ ਕੋਈ ਸਹਾਇਤਾ ਨਹੀਂ ਮਿਲੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਸਰਕਾਰੀ ਲਿਸਟ ਜਾਰੀ ਨਹੀਂ ਕੀਤੀ। ਭਾਰਤ ਦੇ ਸੁਰੱਖਿਆ ਮੰਤਰਾਲੇ ਨੂੰ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾਉਣ ਵਾਲੇ ਇਨ੍ਹਾਂ ਵਿਅਕਤੀਆਂ ਦੇ ਨਾਵਾਂ ‘ਤੇ ਵਿਚਾਰ ਕਰਨ ਲਈ ਸਬੰਧਿਤ ਰਾਜ ਸਰਕਾਰਾਂ ਨਾਲ ਗੱਲ ਕਰਨੀ ਚਾਹੀਦੀ ਸੀ ਤਾਂ ਕਿ ਕਤਲੇਆਮ ਵਿੱਚ ਜਾਨ ਗਵਾਉਣ ਵਾਲੇ ਇੰਨਾਂ ਫੌਜੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਸਕਦਾ ।
ਉਨ੍ਹਾਂ ਨੇ ਪੱਤਰ ਵਿੱਚ ਲਿਖਿਆ ਕਿ ਉਨ੍ਹਾਂ ਵੱਲੋਂ ਬਣਾਈ ਗਈ ਲਿਸਟ ਵਾਲੇ ਜਿਆਦਾਤਰ ਨਾਮ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਗਈ ਸੂਚੀ ਵਿੱਚ ਹੈ ਹੀ ਨਹੀ।ਕਤਲੇਆਮ ਵਿੱਚ ਸ਼ਿਕਾਰ ਇਨ੍ਹਾਂ ਫੋਜੀ ਜਵਾਨਾਂ/ ਅਫਸਰਾਂ ਦੀ ਵਿਧਵਾਵਾਂ ਨੂੰ ਅਤੇ ਪਰਿਵਾਰਾਂ ਨੂੰ ਅਜੇ ਤੱਕ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ।
ਇੰਦਰਜੀਤ ਸਿੰਘ ਦੀ ਵਿਧਵਾ ਦੇ ਕੇਸ ਦੀ ਮਿਸਾਲ ਦਿੰਦਿਆਂ ਉਨਾਂ ਮੋਦੀ ਨੂੰ ਲਿਖਿਆ ਕਿ ਦੇਸ਼ ਕਮਲਦੀਪ ਕੌਰ ਤੋਂ ਮੁਆਫੀ ਮੰਗੇ। ਉਨ੍ਹਾਂ ਪੱਤਰ ਵਿੱਚ ਮੋਦੀ ਨੂੰ ਬੇਨਤੀ ਕਰਦਿਆ ਕਿਹਾ ਕਿ ਉਹ ਸਬੰਧਿਤ ਮਹਿਕਮੇ ਨੂੰ ਬੇਨਤੀ ਕਰਨ ਕਿ ਕਮਲਦੀਪ ਕੌਰ ਨੂੰ ਮੁਆਵਜ਼ਾ ਅਤੇ ਉਸਦੀ ਧੀਅ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ।
ਉਨ੍ਹਾਂ ਪੱਤਰ ਵਿੱਚ ਮੋਦੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀ ਬਿਆਨ ਦਿੱਤਾ ਸੀ ਕਿ ਦੇਸ਼ ਹਰ ਇੱਕ ਫੌਜੀ ਦੇ ਕਤਲ ਦਾ ਬਦਲਾ ਲਵੇਗਾ, ਪਰ ਇਨ੍ਹਾਂ 50 ਫੌਜੀਆਂ ਨੂੰ ਦੇਸ਼ ਦੇ ਦੂਸ਼ਮਣਾਂ ਨੇ ਦੇਸ਼ ਵਿੱਚ ਹੀ ਮਾਰ ਮੁਕਾਇਆ, ਜਦੋਂ ਉਹ ਦੇਸ਼ ਦੀ ਸੇਵਾ ਕਰ ਰਹੇ ਸਨ।ਇਹ ਭਾਰਤ ਸਰਕਾਰ ਦੀ ਜ਼ਿਮੇਵਾਰੀ ਬਣਦੀ ਹੈ ਕਿ ਇਨ੍ਹਾਂ ਫੌਜੀਆਂ ਨੂੰ ਬਣਦਾ ਮਾਣ ਸਤਿਕਾਰ ਦੇਵੇ। ਆਖਰਕਾਰ ਉਹ ਡਿਉਟੀ ਦੌਰਾਨ ਮਾਰੇ ਗਏ ਸਨ।
ਉਨ੍ਹਾਂ ਪੱਤਰ ਦੇ ਅੰਤ ਵਿੱਚ ਫਿਰ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਇਸ ਸੁਚੀ ਨੂੰ ਦੁਬਾਰਾ ਘੋਖਣ ਅਤੇ ਜੋ ਜਵਾਨ ਸਿੱਖ ਕਤਲੇਆਮ ਦੇ ਤਿੰਨ-ਚਾਰ ਦਿਨਾਂ ਵਿਚ ਲਾਪਤਾ ਹੋਏ ਹਨ, ਉਨ੍ਹਾਂ ਸਾਰੇ ਜਵਾਨਾਂ ਦੇ ਨਾਮ ਇਸ ਵਿੱਚ ਸ਼ਾਮਲ ਕਰਨ ਲਈ ਸੁਰੱਖਿਆ ਮਹਿਕਮੇ ਨੂੰ ਹੁਕਮ ਦੇਣ।