ਭੁੱਚੋ ਮੰਡੀ: ਆਮ ਆਦਮੀ ਦੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਨ ‘ਤੇ ਦਿੱਲੀ ਵਾਂਗ ਪੰਜਾਬ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਆਮ ਆਦਮੀ ਦੀਆਂ ਮੁੱਖ ਜ਼ਰੂਰਤਾਂ ਰਿਸ਼ਵਤ ਰਹਿਤ ਸਿਸਟਮ, ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਪੰਜਾਬ ਵਿੱਚ ਵੀ ਮੁਹੱਲਾ ਕਲੀਨਿਕ ਅਤੇ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਜਾਣਗੇ ਜੋ ਆਮ ਆਦਮੀ ਦੀ ਪਹੁੰਚ ਵਿੱਚ ਹੋਣਗੇ। ਐਤਵਾਰ ਨੂੰ ਇੱਥੇ ਅਨਾਜ ਮੰਡੀ ਵਿੱਚ ਹਲਕਾ ਭੁੱਚੋ ਤੋਂ ‘ਆਪ’ ਦੇ ਉਮੀਦਵਾਰ ਮਾਸਟਰ ਜਗਸੀਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਸਿਸੋਦੀਆ ਨੇ ਕਿਹਾ ਕਿ ਵੱਡੀ ਪੱਧਰ ‘ਤੇ ਬੇਲੋੜੀ ਸੁਰੱਖਿਆ ਰੱਖਣ ਦੇ ਸ਼ੌਕੀਨ ਬਾਦਲਾਂ ਨੂੰ 11 ਮਾਰਚ ਤੋਂ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਖ਼ਿਲਾਫ਼ ਪੱਕੇ ਤੌਰ ‘ਤੇ ਪੁਲਿਸ ਸੁਰੱਖਿਆ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਪੁਲਿਸ ਨੂੰ ਚਿੱਟੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਵਿੱਚ ਲਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਦਿੱਲੀ ਵਿੱਚ ਜਿਹੜੇ ਕਲੀਨਿਕ 6 ਕਰੋੜ ਵਿੱਚ ਬਣਾਏ ਸਨ, ਅਸੀਂ ਉਸ ਤੋਂ ਵਧੀਆ ਮੁਹੱਲਾ ਕਲੀਨਿਕ ਸਿਰਫ਼ 20 ਲੱਖ ਵਿੱਚ ਤਿਆਰ ਕਰ ਦਿੱਤੇ ਹਨ ਅਤੇ ਸਕੂਲਾਂ ਦੇ ਅਧਿਆਪਕਾਂ ਨੂੰ ਟਰੇਨਿੰਗ ਲਈ ਕੈਂਬਰਿਜ ਯੂਨੀਵਰਸਿਟੀ ਦੇ ਸਿੰਗਾਪੁਰ ਕੈਂਪਸ ਵਿੱਚ ਸਿਖਲਾਈ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਜਨਤਾ ਦੇ ਪੈਸੇ ਨਾਲ ਬਾਦਲ ਸਰਕਾਰ ਹੋਟਲ ਬਣਾਉਂਦੀ ਹੈ ਤਾਂ ਉਹ ਚੋਰੀ ਹੁੰਦੀ ਹੈ, ਜਦੋਂ ਹਸਪਤਾਲਾਂ ਵਿੱਚੋਂ ਮੁਫ਼ਤ ਦਵਾਈਆਂ ਮਿਲਦੀਆਂ ਹਨ ਤਾਂ ਉਹ ਇਮਾਨਦਾਰੀ ਦੀ ਸਰਕਾਰ ਹੁੰਦੀ ਹੈ। ਆਮ ਆਦਮੀ ਚਾਹੁੰਦਾ ਹੈ ਕਿ ਸਰਕਾਰੀ ਕੰਮਾਂ ਮੌਕੇ ਕੋਈ ਰਿਸ਼ਵਤਖੋਰੀ ਨਾ ਕਰੇ, ਬੱਚਿਆਂ ਦੀ ਸਿੱਖਿਆ ਅਤੇ ਇਲਾਜ ਦਾ ਕੋਈ ਫ਼ਿਕਰ ਨਾ ਹੋਵੇ। ਇੰਸਪੈਕਟਰ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਨਹੀਂ ਕਰਨਗੇ।
ਦੁਕਾਨਦਾਰ ਬੇਫ਼ਿਕਰ ਹੋ ਕੇ ਆਪਣੇ ਕਾਰੋਬਾਰ ਚਲਾ ਸਕਣਗੇ। ਪਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ‘ਤੇ ਅਕਾਲੀਆਂ ਵੱਲੋਂ ਕੀਤੇ ਕਬਜ਼ੇ ਛੁਡਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਉਮੀਦਵਾਰ ਜਗਸੀਰ ਸਿੰਘ, ਉਸਦੇ ਪੁੱਤਰ ਪੰਜਾਬੀ ਗਾਇਕ ਹਰਸਿਮਰਨਜੀਤ ਸਿੰਘ, ਚੋਣ ਸਕੱਤਰ ਅੰਮ੍ਰਿਤਪਾਲ ਕੌਰ, ਰੁਪਿੰਦਰ ਕੌਰ, ਹਰਮੰਦਰ ਸਿੰਘ, ਅਜੀਮ ਸ਼ੇਖਰ, ਸੁਮਨ ਬੱਲੀ, ਸਰਬਜੀਤ ਮਾਹਲ ਅਤੇ ਲਖਵੀਰ ਕਾਕਾ ਨੇ ਸੰਬੋਧਨ ਕੀਤਾ। ਇਸ ਮੌਕੇ ਟਿੰਕੂ ਸ਼ਰਮਾ, ਰਿੰਕੂ, ਗੁਰਪਾਲ ਸਿੰਘ, ਟਵਿੰਕਲ ਗਰਗ ਅਤੇ ਸਟਾਰ ਪ੍ਰਚਾਰਕ ਸੁਖਜੀਤਪਾਲ ਸਮੇਤ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਵਰਕਰ ਮੌਜ਼ੂਦ ਸਨ। 31 ਜਨਵਰੀ ਨੂੰ ਮੁਨੀਸ਼ ਸਿਸੋਦੀਆ ਜੈਤੋ ‘ਚ ਰੋਡ ਸ਼ੋਅ ਕਰਨਗੇ।