ਲੁਧਿਆਣਾ (11 ਸਤੰਬਰ, 2015): ਪੰਜਾਬ ਸਰਕਾਰ ਵੱਲੋਂ ਸਿੱਖ ਕਤਲੇਆਮ ਦੇ ਪੀੜਤਾਂ ਨਾਲ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਕਤਲੇਆਮ ਦੀਆਂ ਪੀੜਤ ਸਿੱਖ 5 ਬੀਬੀਆਂ ਵੱਲੋਂ ਬੀਬੀ ਗੁਰਦੀਪ ਕੌਰ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਜੇ ਦਿਨ ਦਾਖਲ ਹੋ ਗਈ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੁੱਖ ਹੜਤਾਲ ‘ਤੇ ਬੈਠੀਆਂ ਬੀਬੀਆਂ ‘ਤੇ ਮਰਨ ਵਰਤ ਖਤਮ ਕਰਵਾਉਣ ਲਈ ਪਾਏ ਜਾ ਰਹੇ ਭਾਰੀ ਦਬਾਅ ਦੇ ਬਾਵਜੂਦ ਬੀਬੀਆਂ ਵੱਲੋਂ ਸੰਘਰਸ਼ ਆਖਰੀ ਦਮ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ । ਅੱਜ ਮਰਨ ਵਰਤ ‘ਤੇ ਬੈਠੀਆਂ ਬੀਬੀਆਂ ਦੇ ਸਮਰਥਨ ‘ਚ ਪੰਜਾਬ ਭਰ ‘ਚੋਂ ਪੀੜਤ ਪਰਿਵਾਰਾਂ ਨੇ ਪੁੱਜ ਕੇ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਵੱਲੋਂ ਮੰਗਾਂ ਸਬੰਧੀ ਕੀਤੇ ਫੈਸਲਿਆਂ ਨੂੰ ਲਾਗੂ ਕਰਨ ਦੇ ਰਾਹ ‘ਚ ਖੜੀਆਂ ਕੀਤੀਆਂ ਜਾ ਰਹੀਆਂ ਅੜਚਨਾਂ ਦੀ ਨਿੰਦਾ ਕੀਤੀ ।ਸਿੱਖ ਕਤਲੇਆਮ ਪੀੜਤ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਨੇ ਦੱਸਿਆ ਕਿਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਲਾਗੂ ਨਾ ਕੀਤੇ ਜਾਨ ਕਾਰਨ ਹਜ਼ਾਰਾਂ ਪੀੜਤ ਪਰਿਵਾਰ ਦੁੱਖੀ ਅਤੇ ਪ੍ਰੇਸ਼ਾਨ ਹਨ ।
ਬੀਤੀ ਰਾਤ ਐਸ. ਡੀ. ਐਮ. ਰਾਹੀਂ ਡਿਪਟੀ ਕਮਿਸ਼ਸ਼ਨਰ ਨੇ ਪ੍ਰਬੰਧਕਾਂ ਨੂੰ ਮਰਨ ਵਰਤ ਖਤਮ ਕਰਨ ਲਈ ਕਿਹਾ, ਪਰ ਬੀਬੀ ਗੁਰਦੀਪ ਕੌਰ ਨੇ ਅਜਿਹਾ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਮੁੱਖ ਮੰਤਰੀ ਜਾਂ ਕੋਈ ਹੋਰ ਉਨ੍ਹਾਂ ਦਾ ਪ੍ਰਤੀਨਿਧ ਲੁਧਿਆਣਾ ਆ ਕੇ ਸਰਕਾਰ ਦੇ ਕੀਤੇ ਫੈਸਲਿਆਂ ਉਪਰ ਅਮਲ ਸ਼ੁਰੂ ਨਹੀਂ ਕਰਵਾਉਂਦਾ ਉਨੀ ਦੇਰ ਤੱਕ ਉਹ ਮਰਨ ਵਰਤ ਖਤਮ ਨਹੀਂ ਕਰਨਗੇ ।
ਇਸ ਦੌਰਾਨ ਮਰਨ ਵਰਤ ਤੇ ਬੈਠੀ ਇਕ ਬੀਬੀ ਸੁਰਜੀਤ ਕੌਰ ਦੀ ਹਾਲਤ ਅੱਜ ਸਵੇਰੇ ਅਚਾਨਕ ਵਿਗੜ ਗਈ ਕਿਉਂਕਿ ਉਹ ਸ਼ੂਗਰ ਦੀ ਮਰੀਜ਼ ਸੀ । ਮਰਨ ਵਰਤ ਤੇ ਹੋਰ ਬੈਠੀਆਂ ਬੀਬੀਆਂ ਗੁਰਦੇਵ ਕੌਰ, ਭੁਪਿੰਦਰ ਕੌਰ, ਰਣਜੀਤ ਕੌਰ ਅਤੇ ਗੁਰਮੇਲ ਕੌਰ ਚੜ੍ਹਦੀ ਕਲਾ ‘ਚ ਨਜ਼ਰ ਆ ਰਹੀਆਂ ਹਨ ।
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਰਦੇਵ ਸਿੰਘ, ਦਵਿੰਦਰ ਸਿੱਘ ਬਿੱਟੂ, ਸੁਰਿੰਦਰ ਸਿੰਘ ਦੁੱਗਰੀ, ਅਮਰੀਕ ਸਿੰਘ ਹੈਬੋਵਾਲ, ਅਮਰਜੀਤ ਸਿੰਘ ਧਵਨ, ਬੀਬੀ ਹਰਬੰਸ ਕੌਰ, ਦਲਜੀਤ ਸਿੰਘ ਸੋਨੀ, ਅਮਰਜੀਤ ਸਿੰਘ ਬੱਬਲ, ਰਜਿੰਦਰ ਸਿੰਘ ਭਾਟੀਆ, ਗੁਰਦੀਪ ਸਿੰਘ ਕਾਹਲੋਂ, ਮਨਮੋਹਨ ਸਿੰਘ ਪੱਪੂ, ਗੁਰਚਰਨ ਸਿੰਘ, ਕੁਲਜੀਤ ਸਿੰਘ, ਮਨਜੀਤ ਸਿੰਘ ਚਾਵਲਾ, ਸਤਨਾਮ ਸਿੰਘ, ਕੁਲਦੀਪ ਸਿੰਘ ਕੋਹਲੀ, ਬਲਜੀਤ ਸਿੰਘ ਬੀਤਾ ਅਤੇ ਸੁਖਦੇਵ ਸਿੰਘ ਜਮਾਲਪੁਰ ਆਦਿ ਵੀ ਹਾਜ਼ਰ ਸਨ ।