ਚੰਡੀਗੜ੍ਹ: ਹਵਾਈ ਯੋਜਨਾਵਾਂ ’ਤੇ ਚਰਚਾ ਕਰਨ ਲਈ ਜਨਤਾ ਦੇ ਪੈਸੇ ’ਤੇ ਵਿਦੇਸ਼ ਘੁੰਮਣ ’ਤੇ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਘੇਰਦਿਆਂ ਕਿਹਾ ਕਿ ਹੁਣ ਵਿਦੇਸ਼ਾਂ ਵਿਚ ਜਾ ਕੇ ਯੋਜਨਾਵਾਂ ਬਣਾਉਣ ਦਾ ਕੋਈ ਫਾਇਦਾ ਨਹੀਂ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਦੀਆਂ ਯੋਜਨਾਵਾਂ ਹਮੇਸ਼ਾ ਤੋਂ ਹੀ ਹਕੀਕਤ ਤੋਂ ਕੋਹਾਂ ਦੂਰ ਰਹੀਆਂ ਨੇ ਅਤੇ ਉਹ ਕਦੇ ਵੀ ਸੱਚ ਨਹੀਂ ਹੋ ਸਕਦੀਆਂ।

ਸੁਖਬੀਰ ਬਾਦਲ ’ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ, “ਪਹਿਲਾਂ ਵੀ ਸੁਖਬੀਰ ਪਾਣੀ ਵਿਚ ਬੱਸਾਂ ਚਲਾਉਣ ਅਤੇ ਕਦੇ ਨਾ ਟੁੱਟਣ ਵਾਲੀਆਂ ਸੜਕਾਂ ਬਣਾਉਣ ਦੀਆਂ ਜੁਗਤਾਂ ਘੜਦਾ ਰਿਹਾ ਹੈ, ਪਰ ਇਸ ਦੀ ਸਚਾਈ ਲੋਕ ਭਲੀ ਭਾਂਤੀ ਜਾਣਦੇ ਨੇ, ਕੁਝ ਸਾਲ ਪਹਿਲਾਂ ਵੀ ਸੁਖਬੀਰ ਆਪਣੇ ਅਫਸਰਾਂ ਦੀ ਫੌਜ ਲੈ ਕੇ ਚੀਨ ਵਿਚ ਪਰਾਲੀ ਤੋਂ ਬਿਜਲੀ ਬਣਾਉਣੀ ਸਿੱਖਣ ਗਿਆ ਸੀ ਪਰ ਸੱਚ ਇਹ ਹੈ ਕਿ ਉਸਤੋਂ ਪਹਿਲਾਂ ਹੀ ਖਮਾਣੋਂ ਨੇੜੇ ਇਕ ਮਿਲ ਦਾ ਮਾਲਕ ਕਣਕ ਦੀ ਪਰਾਲੀ ਤੋਂ ਬਿਜਲੀ ਬਣਾ ਰਿਹਾ ਸੀ। ਹੋਰ ਤਾਂ ਹੋਰ ਇਸ ਸਬੰਧੀ ਸਾਰੀ ਜਾਣਕਾਰੀ ਗੂਗਲ ਜਾਂ ਯੂ ਟਿਊਬ ’ਤੇ ਉਪਲਭਦ ਹੈ। ਫੇਰ ਇਸ ਸਬੰਧੀ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੀ ਲੋੜ ਹੈ।”
ਮਾਨ ਨੇ ਕਿਹਾ ਕਿ ਅਸਲ ਵਿਚ ਸੁਖਬੀਰ ਸਣੇ ਕੋਈ ਵੀ ਅਕਾਲੀ ਆਗੂ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਜਿੱਥੇ ਪੰਜਾਬੀ ਵਸਦੇ ਹਨ, ਉਥੇ ਜਾਣ ਤੋਂ ਡਰਦੇ ਹਨ ਕਿਉਂਕਿ ਪ੍ਰਵਾਸੀ ਪੰਜਾਬੀ ਇਹਨਾਂ ਨੂੰ ਵੇਖ ਕੇ ਰਾਜੀ ਨਹੀਂ। ਇਸੇ ਲਈ ਹੁਣ ਸੁਖਬੀਰ ਕੋਰੀਆਂ, ਚੀਨ ਅਤੇ ਜਾਪਾਨ ਵਰਗੇ ਦੇਸ਼ਾਂ ਵਿਚ ਜਾ ਕੇ ਆਪਣੇ ਆਪ ਨੂੰ ਸੰਤੁਸ਼ਟ ਕਰ ਰਿਹਾ ਹੈ।
ਸੁਖਬੀਰ ਨੂੰ ਸਲਾਹ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੀ ਤੁਸੀਂ ਕਦੇ ਅਜਿਹੀ ਮਾਂ ਨੂੰ ਮਿਲ ਕੇ ਆਏ ਹੋ ਜਿਸਦੇ ਪੁੱਤ ਦੀ ਸਮੈਕ ਪੀਣ ਨਾਲ ਮੌਤ ਹੋ ਗਈ ਹੋਵੇ? ਕੀ ਸੁਖਬੀਰ ਨੂੰ ਇਸ ਗੱਲ ਦਾ ਇਲਮ ਹੈ ਕਿ ਬੇਰੁਜ਼ਗਾਰ ਲਾਈਨਮੈਨ ਜਿਨ੍ਹਾਂ ਨੂੰ ਪੁਲਿਸ ਨਿੱਤ ਕੁੱਟਦੀ ਹੈ ਉਹ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੇ ਹਨ।
ਸੁਖਬੀਰ ਬਾਦਲ ਵਲੋਂ ਰਾਤ ਨੂੰ ਪੁਲਿਸ ਥਾਣਿਆਂ ਦੀ ਚੈਕਿੰਗ ਕਰਨ ’ਤੇ ਮਾਨ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਜਦੋਂ ਅਕਾਲੀ ਦਲ ਦੀ ਸ਼ਹਿ ਪ੍ਰਾਪਤ ਗੁੰਡੇ ਲੋਕਾਂ ਨੂੰ ਡਰਾ ਧਮਕਾ ਰਹੇ ਸਨ ਉਸ ਵੇਲੇ ਸੁਖਬੀਰ ਚੈਕਿੰਡ ਕਰਨ ਕਿਉਂ ਨਹੀਂ ਗਿਆ।