ਮੁੱਲਾਂਪੁਰ ਦਾਖਾ (16 ਜੁਲਾਈ, 2015): ਅਦਾਲਤਾਂ ਵੱਲੋਂ ਦਿੱਤੀ ਗਈ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਨੂੰ ਮਿਲਣ ਅੱਜ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀ ਮਿਲਣ ਪਹੁੰਚੇ ਤਾਂ ਸਥਿਤੀ ਬੜੀ ਤਨਾਅ ਪੁਰਨ ਹੋ ਗਈ।

ਪੁਲਿਸ ਦੇ ਵੱਡੇ ਲਾਮਲਸ਼ਕਰ ਅਤੇ ਡਾਕਟਰਾਂ ਦੀ ਟੀਮ ਨਾਲ ਪਹੂੰਚੇ ਅਧਿਕਾਰੀਆਂ ਵੱਲੋਂ ਬਾਪੂ ਖਾਲਸਾ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਗਈ ਤਾਂ ਮੌਜੂਦ ਸੰਘ੍ਰਸ਼ ਕਮੇਟੀ ਦੇ ਆਗੂਆਂ ਨੇ ਜਿਸਦਾ ਤਕੜਾ ਵਿਰੋਧ ਕੀਤਾ।ਕਾਫੀ ਦੇਰ ਆਪਸੀ ਗੱਲਬਾਤ ਤੋਂ ਬਾਅਦ ਐਸ. ਐਸ. ਪੀ. ਲੁਧਿਆਣਾ ਦਿਹਾਤੀ ਰਵਚਰਨ ਸਿੰਘ ਬਰਾੜ, ਅਜੇ ਸੂਦ, ਸ੍ਰੀ ਵੈਦ, ਸ੍ਰੀ ਘੁਲਾਟੀ ਤਿੰਨੇ ਏ. ਡੀ. ਸੀ. ਲੁਧਿਆਣਾ ਨੂੰ ਬਾਪੂ ਸੂਰਤ ਸਿੰਘ ਖਾਲਸਾ ਕੋਲ ਜਾਣ ਦਿੱਤਾ।
ਪੁਲਿਸ ਤੇ ਸਿਵਲ ਪ੍ਰਸ਼ਾਸਕ ਅਧਿਕਾਰੀਆਂ ਦੀ ਬਾਪੂ ਸੂਰਤ ਸਿੰਘ ਖਾਲਸਾ ਦੇ ਪਰਿਵਾਰਕ ਮੈਬਰਾਂ ਨਾਲ ਢਾਈ ਘੰਟੇ ਲੰਬੀ ਗੱਲਬਾਤ ਕੀਤੀ।
ਇਸੇ ਦੌਰਾਨ ਵੱਸਣ ਸਿੰਘ ਜ਼ਫਰਵਾਲ ਅਤੇ ਹੋਰ ਆਗੂਆਂ ਨੇ ਨਾਆਰੇਬਾਜ਼ੀ ਕਰਦਿਆਂ ਕਿਹਾ ਕਿ ਜਿੰਨੀ ਦੇਰ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ ਸੰਘਰਸ਼ ਕਮੇਟੀ ਬਾਪੂ ਖਾਲਸਾ ਨੂੰ ਘਰੋਂ ਨਹੀਂ ਜਾਣ ਦੇਵੇਗੀ। ਭਾਈ ਬਲਵੀਰ ਸਿੰਘ ਬਠਿੰਡਾ ਅਤੇ ਜਸਵੀਰ ਸਿੰਘ ਖਡੂਰ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਭਾਈ ਖਾਲਸਾ ਨਾਲ ਗੱਲਬਾਤ ਦਿਨ ਸਮੇਂ ਕਰੇ ਰਾਤ ਵੇਲੇ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਭਾਵੇਂ ਬਾਪੂ ਖਾਲਸਾ ਦੇ ਘਰ ਕੁਝ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਗਏ ਪਰ ਨੈਸ਼ਨਲ ਹਾਈਵੇ ਤੋਂ ਹਸਨਪੁਰ ਨੂੰ ਜਾਣ ਵਾਲੀ ਸੜਕ ‘ਤੇ ਭਾਰੀ ਫੋਰਸ ਦੇ ਨਾਲ ਡਾਕਟਰਾਂ ਦੀ ਟੀਮ ਵੀ ਮੌਜੂਦ ਸੀ ।