ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਜ ਸਭਾ ਮੈਂਬਰੀ ਅਤੇ ਭਾਜਪਾ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿਚ ਮੁਖ ਮੰਤਰੀ ਵਜੋਂ ਪੇਸ਼ ਕਰਨ ਬਾਰੇ ਪਾਰਟੀ ਨੇ ਹਾਲੇ ਕੋਈ ਫੈਸਲਾ ਨਹੀਂ ਕੀਤਾ। ਉਨ੍ਹਾਂ ਸਿੱਧੂ ਵੱਲੋਂ ਰਾਜ ਸਭਾ ਮੈਂਬਰੀ ਤੋਂ ਅਸਤੀਫਾ ਦੇਣ ਨੂੰ ਦਲੇਰੀ ਭਰਿਆ ਕਦਮ ਕਰਾਰ ਦਿੰਦਿਆਂ ਕਿਹਾ ਸਾਰੇ ਚੰਗੇ ਲੋਕਾਂ ਭਾਜਪਾ ਛੱਡ ਦੇਣੀ ਚਾਹੀਦੀ ਹੈ।

ਜਦੋਂ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵੱਲੋਂ ਮੁੱਖ ਮੰਤਰੀ ਵਜੋਂ ਪੇਸ਼ ਕਰਨ ਦੀ ਸੰਭਾਵਨਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਅਜਿਹਾ ਕੁਝ ਨਹੀਂ ਹੈ। ਜਦੋਂ ਉਨ੍ਹਾਂ ਨੂੰ ਬੀਤੇ ਸਮੇਂ ਦੌਰਾਨ ਸਿੱਧੂ ਵਲੋਂ ਉਨ੍ਹਾਂ ਦੀ ਅਲੋਚਨਾ ਕਰਨ ਬਾਰੇ ਚੇਤੇ ਕਰਵਾਇਆ ਗਿਆ ਤਾਂ ਕੇਜਰੀਵਾਲ ਨੇ ਕਿਹਾ ਕਿ ਇਹ ਕੋਈ ਮੁੱਦਾ ਨਹੀਂ ਪਰ ਜਿਹੜਾ ਵੀ ‘ਆਪ’ ਵਿਚ ਸ਼ਾਮਿਲ ਹੁੰਦਾ ਹੈ ਉਹ ਪਹਿਲਾਂ ਆਮ ਆਦਮੀ ਬਣਦਾ ਹੈ।
ਕੇਜਰੀਵਾਲ ਇਥੇ ਸੰਵਿਧਾਨਕ ਕਲੱਬ ਵਿਖੇ ਉਨ੍ਹਾਂ ਦੇ ਹਮਜਮਾਤੀ ਪਰਾਨ ਕਰੂਪ ਵਲੋਂ ਲਿਖੀ ਕਿਤਾਬ ‘ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ’ ਨੂੰ ਜਾਰੀ ਕਰਨ ਸਮੇਂ ਸੰਬੋਧਨ ਕਰ ਰਹੇ ਸਨ। ਜਦੋਂ ਇਹ ਪੁੱਛਿਆ ਗਿਆ ਕਿ ਕੀ ਸਿੱਧੂ ‘ਆਪ’ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਕੇਜਰੀਵਾਲ ਨੇ ਉਨ੍ਹਾਂ ਨੂੰ ਇਕ ਵਧੀਆ ਵਿਅਕਤੀ ਆਖਦੇ ਹੋਏ ਕਿਹਾ ਕਿ ਨਿਸ਼ਚਤ ਰੂਪ ਵਿਚ ਪਾਰਟੀ (ਆਪ) ਨੂੰ ਇਸ ‘ਤੇ ਵਿਚਾਰ ਕਰਨਾ ਚਾਹੀਦਾ ਹੈ।