ਪਟਿਆਲਾ: ਪੰਜਾਬ ਸਰਕਾਰ ਵੱਲੋਂ ਭੇਜੀਆਂ ਸਿਫਾਰਸ਼ਾਂ ਤੋਂ ਬਾਅਦ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਪ੍ਰੋਫੈਸਰ ਬੀ.ਐਸ. ਘੁੰਮਣ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੁਲਪਤੀ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਜਸਪਾਲ ਸਿੰਘ ਸੰਧੂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਵਜੋਂ ਨਿਯੁਕਤੀ ਨੂੰ ਵੀ ਹਰੀ ਝੰਡੀ ਵਿਖਾ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਪਹਿਲੀ ਵਾਰ ਹੋਇਆ ਹੈ ਕਿ ਕੁਲਪਤੀਆਂ ਦੇ ਅਹੁਦਿਆਂ ਦੀ ਚੋਣ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਵੱਲੋਂ ਹੀ ਕੁਲਪਤੀ ਦੇ ਅਹੁਦਿਆਂ ਲਈ ਸਿਫਾਰਸ਼ ਭੇਜਦਾ ਸੀ। ਇਨ੍ਹਾਂ ਅਹੁਦਿਆਂ ਲਈ 219 ਬਿਨੈ ਪੱਤਰ ਪ੍ਰਾਪਤ ਹੋਏ ਸਨ ਤੇ ਛਾਂਟੀ ਤੇ ਚੋਣ ਕਮੇਟੀ ਨੇ 31 ਉਮੀਦਵਾਰਾਂ ਦੀ ਇੰਟਰਵਿਊ ਕੀਤੀ ਸੀ।

ਡਾ. ਬੀ.ਐਸ. ਘੁੰਮਣ ਦਾ 35 ਸਾਲ ਦਾ ਅਧਿਆਪਨ ਦਾ ਤਜ਼ਰਬਾ ਹੈ। ਮੌਜੂਦਾ ਸਮੇਂ ਉਹ ਆਰਟਸ ਫੈਕਲਟੀ ਦੇ ਡੀਨ ਹਨ ਤੇ ਰਿਸਰਚ ਪ੍ਰੋਮੋਸ਼ਨ ਸੈੱਲ, ਕੈਨੇਡੀਅਨ ਸਟੱਡੀਜ਼ ਸੈਂਟਰ, ਸੈਂਟਰ ਫਾਰ ਇਮਰਜਿੰਗ ਏਰੀਆਜ਼ ਇਨ ਸੋਸ਼ਲ ਸਾਇੰਸਿਜ਼, ਪੰਜਾਬ ਯੂਨੀਵਰਸਿਟੀ ਦੇ ਸੰਸਥਾਪਕ ਸੰਚਾਲਕ ਹਨ। ਉਨ੍ਹਾਂ ਦੇ 100 ਤੋਂ ਵਧੇਰੇ ਖੋਜ ਪੱਤਰ ਤੇ ਪ੍ਰਕਾਸ਼ਨਾਵਾਂ ਹਨ।
ਇਸ ਤੋਂ ਇਲਾਵਾ ਡਾ. ਜਸਪਾਲ ਸਿੰਘ ਸੰਧੂ ਕੋਲ 25 ਸਾਲ ਦੇ ਅਧਿਆਪਨ ਤੇ 18 ਸਾਲਾਂ ਦੇ ਪ੍ਰਸ਼ਾਸਨਿਕ ਤਜ਼ਰਬਾ ਹਾਸਲ ਹੈ। ਉਹ ਮੌਜੂਦਾ ਸਮੇਂ ਵਿੱਚ ਯੂ.ਜੀ.ਸੀ. ਵਿੱਚ ਉਚੇਰੀ ਸਿੱਖਿਆ ਲਈ ਬਣੀ ਕਮੇਟੀ ਦੇ ਸਕੱਤਰ ਤੋਂ ਇਲਾਵਾ ਉਹ ਐਨ.ਏ.ਸੀ. ਦੇ ਕਾਰਜਕਾਰੀ ਨਿਰਦੇਸ਼ਕ ਵੀ ਰਹੇ ਹਨ। ਡਾ. ਸੰਧੂ ਨੇ 300 ਤੋਂ ਜ਼ਿਆਦਾ ਖੋਜ ਪੱਤਰ ਲਿਖੇ ਹਨ ਤੇ ਪ੍ਰਕਾਸ਼ਨਾਵਾਂ ਛਪਵਾਈਆਂ ਹਨ।
ਡਾਕਟਰ ਸੰਧੂ ਇਸ ਵੇਲੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਨਵੀਂ ਦਿੱਲੀ ਵਿੱਚ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੀ ਇਹ ਨਿਯੁਕਤੀ ਤਿੰਨ ਸਾਲ ਲਈ ਕੀਤੀ ਗਈ ਹੈ। ਯੂਨੀਵਰਸਿਟੀ ਵਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਸੰਧੂ ਇਸ ਤੋਂ ਪਹਿਲਾਂ ਵੱਖ-ਵੱਖ ਮਹੱਤਵਪੂਰਨ ਅਕਾਦਮਿਕ ਤੇ ਪ੍ਰਸ਼ਾਸਨਿਕ ਅਹੁਦਿਆਂ ‘ਤੇ ਰਹਿੰਦਿਆਂ ਸਫਲਤਾਪੂਰਵਕ ਸੇਵਾਵਾਂ ਦੇ ਚੁੱਕੇ ਹਨ।
ਉਨ੍ਹਾਂ ਨੇ ਯੂਨੀਵਰਸਿਟੀ ਸਿਸਟਮ ਵਿੱਚ ਡਿਪਾਰਟਮੈਂਟ ਆਫ ਸਪੋਰਟਸ ਮੈਡੀਸਨ ਵਿਭਾਗ ਨੂੰ ਲਿਆਂਦਾ ਜੋ 2004 ਵਿੱਚ ਸੈਂਟਰ ਵਿਦ ਪੋਟੈਨਸ਼ੀਅਲ ਫੇਰ ਐਕਸੀਲੈਂਸ ਇਨ ਪਰਟੀਕੁਲਰ ਏਰੀਆ ਅਧੀਨ ਆਇਆ।