ਚੰਡੀਗੜ੍ਹ: ਭਗਵੰਤ ਮਾਨ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ‘ਹਲਕੇ ਵਿਚ ਕੈਪਟਨ’ ਪ੍ਰੋਗਰਾਮ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਹੁਣ ਜੇਕਰ ‘ਘਰ ਵਿਚ ਕੈਪਟਨ’ ਪ੍ਰੋਗਰਾਮ ਦੇ ਤਹਤਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਘਰ-ਘਰ ਜਾਕੇ ਕਾਂਗਰਸ ਦੀ ਸਰਕਾਰ ਬਣਾਉਣ ਦੀ ਗੁਹਾਰ ਲਗਾਏ ਤਾਂ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਗੰਭੀਰਤਾ ਨਾਲ ਨਹੀਂ ਲੈਣਗੇ।

ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਬਚਾਉਣ ਲਈ ਇਕ ਵਾਰ ਫਿਰ ਪੰਜ ਸਾਲ ਮੰਗ ਰਹੇ ਹਨ। ਭਗਵੰਤ ਮਾਨ ਨੇ ਕੈਪਟਨ ਤੋਂ ਪੁੱਛਿਆ ਕਿ 2002 ਤੋਂ 2007 ਤੱਕ ਦਿੱਤੇ ਪੰਜ ਸਾਲਾਂ ਵਿਚ ਪੰਜਾਬ ਨੂੰ ਕਿਉਂ ਨਹੀਂ ਬਚਾਇਆ ਅਤੇ ਲੋਕਾਂ ਨੂੰ ਫਿਰ ਤੋਂ ਭ੍ਰਿਸ਼ਟਾਚਾਰੀ ਬਾਦਲਾਂ ਨੂੰ ਚੁਣਨ ਲਈ ਮਜਬੂਰ ਕਰ ਦਿੱਤਾ। ਪਿਛਲੇ ਨੌਂ ਸਾਲਾਂ ਵਿਚ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹੜੀ ਜ਼ਿੰਮੇਵਾਰੀ ਨਿਭਾਈ ਹੈ, ਜਿਸ ਕਾਰਨ ਪੰਜਾਬ ਦੇ ਲੋਕ ਕੈਪਟਨ ਜਾਂ ਕਾਂਗਰਸ ਉੱਤੇ ਫਿਰ ਤੋਂ ਭਰੋਸਾ ਕਰ ਸਕਣ? ਉਨ੍ਹਾਂ ਨੇ ਕਿਹਾ ਕਿ ਕੈਪਟਨ ਨੂੰ ਪਟਿਆਲੇ ਦੇ ਲੋਕਾਂ ਨੇ ਬਤੋਰ ਵਿਧਾਇਕ ਵਿਧਾਨ ਸਭਾ ਵਿਚ ਭੇਜਿਆ ਅਤੇ ਫਿਰ ਬਤੌਰ ਸੰਸਦ ਅੰਮ੍ਰਿਤਸਰ ਦੀ ਜਨਤਾ ਨੇ ਸੰਸਦ ਵਿਚ ਭੇਜਿਆ। ਦੋਵਾਂ ਥਾਂ ਕੈਪਟਨ ਦਾ ਪ੍ਰਦਰਸ਼ਨ ਜ਼ੀਰੋ ਰਿਹਾ ਅਤੇ ਦੋਵੇਂ ਹੀ ਹਲਕਿਆਂ ਵਿਚ ਕੈਪਟਨ ਨੇ ਜਾਣ ਦੀ ਜ਼ਰੂਰਤ ਨਹੀਂ ਸਮੱਝੀ। ਇਸ ਲਈ ਪੰਜਾਬ ਦੀ ਜਨਤਾ ਨੂੰ ‘ਹਲਕੇ ਵਿਚ ਕੈਪਟਨ’ ਦੀ ਕੋਈ ਪਰਵਾਹ ਨਹੀਂ।