ਚੰਡੀਗੜ੍ਹ — ਪੰਜਾਬੀ ਮਾਂ-ਬੋਲੀ ਅਤੇ ਇਸ ਦੇ ਬਿਜਲਈ (ਡਿਜੀਟਲ) ਲਿਖਾਰੀ ਭਾਈਚਾਰੇ ਦੀ ਸੇਵਾ ਕਰਦਿਆਂ, ਸਿੱਖ ਸਿਆਸਤ ਦੇ ਖਾਸ ਸੇਵਾ-ਮੰਚ (ਵੈਬਸਾਈਟ ਸਰਵਿਸ) SSFontConverter.com ਨੇ ਆਪਣੇ ‘ਲਿਰੂਪ-ਬਦਲੂ’ (ਫੋਂਟ ਕਨਵਰਟਰ) ਵਿੱਚ ਦੋ ਨਵੇਂ ਲਿਰੂਪ (ਫੋਂਟ) ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਹਨਾਂ ਨਵੇਂ ਲਿਰੂਪਾਂ ਦੇ ਨਾਂ ‘ਗੋਲਡ’ ਅਤੇ ‘ਨੂਰ’ ਹਨ।
ਦੁਨੀਆ ਭਰ ਦੇ ਹਜ਼ਾਰਾਂ ਪੰਜਾਬੀ ਲਿਖਾਰੀਆਂ, ਪੱਤਰਕਾਰਾਂ, ਵਿਦਿਆਰਥੀਆਂ ਅਤੇ ਡਿਜ਼ਾਈਨਰਾਂ ਵੱਲੋਂ ਵਰਤੀ ਜਾਂਦੀ ਇਹ ਮੁਫਤ ਸੇਵਾ, ਪੁਰਾਣੇ ਲਿਰੂਪਾਂ ਨੂੰ ਆਪਸ ਵਿਚ ਅਤੇ ਨਵੇਂ ਮਿਆਰੀ ਯੂਨੀਕੋਡ ਵਿੱਚ ਬਦਲਣ ਦਾ ਇਕ ਤੋਂ ਸੌਖਾ ਸਾਧਨ ਹੈ। ਇਹ ਨਵਾਂ ਵਾਧਾ ਪੰਜਾਬੀ ਭਾਸ਼ਾ ਵਿੱਚ ਬਿਜਲਈ (ਡਿਜਿਟਲ) ਕੰਮ ਕਰਨ ਵਾਲਿਆਂ ਲਈ ਇਸ ਸੰਦ ਨੂੰ ਹੋਰ ਵੀ ਲਾਹੇਵੰਦ ਬਣਾਉਂਦਾ ਹੈ।

ਨਵੇਂ ਲਿਰੂਪਾਂ ਦਾ ਵਾਧਾ:
ਗੋਲਡ ਅਤੇ ਨੂਰ
ਪੰਜਾਬੀ ਛਪਾਈ ਅਤੇ ਤਿਖਤ (ਤਸਵੀਰੀ ਲਿਖਤ ਭਾਵ ਗ੍ਰਾਫਿਕ) ਦੇ ਖੇਤਰ ਵਿੱਚ ਪੁਰਾਣੇ ਲਿਰੂਪਾਂ ਦੀ ਵਰਤੋਂ ਅਕਸਰ ਅੜਿੱਕਾ ਬਣਦੀ ਰਹੀ ਹੈ, ਕਿਉਂਕਿ ਨਵੇਂ ਸਾਜੋਸਮਾਨ ਜਿਵੇਂ ਕਿ ਫੋਨਾਂ ਤੇ ਇਹ ਅੱਖਰ ਸਹੀ ਤਰ੍ਹਾਂ ਪੜ੍ਹੇ ਨਹੀਂ ਜਾਂਦੇ।
‘ਗੋਲਡ’ ਅਤੇ ‘ਨੂਰ’ ਲਿਰੂਪਾਂ ਦੇ ਸ਼ਾਮਲ ਹੋਣ ਨਾਲ, ਹੁਣ ਵਰਤੋਂਕਾਰ ਇਹਨਾਂ ਇਹਨਾ ਲਿਰੂਪਾਂ ਵਿੱਚ ਲਿਖੀਆਂ ਕਿਤਾਬਾਂ, ਇਸ਼ਤਿਹਾਰਾਂ ਅਤੇ ਖਰੜਿਆਂ ਨੂੰ ਸੌਖਿਆਂ ਹੀ ‘ਗੁਰਮੁਖੀ ਯੂਨੀਕੋਡ’ ਵਿੱਚ ਬਦਲ ਸਕਦੇ ਹਨ (ਜਾਂ ਇਸ ਤੋਂ ਉਲਟ ਵੀ ਕਰ ਸਕਦੇ ਹਨ)। ਇਹਨਾ ਲਿਖਤਾਂ ਨੂੰ ਹੋਰਨਾਂ ਲਿਰੂਪਾਂ ਜਿਵੇਂ ਕਿ ‘ਅਨਮੋਲਲਿੱਪੀ’, ‘ਗੁਰਬਾਣੀਲਿੱਪੀ’, ‘ਜੌਏ’, ‘ਸਤਲੁਜ’, ‘ਅਵਾਜ਼ਏਕੌਮ’ ਆਦਿ ਵਿਚ ਵੀ ਬਦਲ ਸਕਦੇ ਹਨ।
ਨਿੱਜਤਾ ਪੱਖੀ ਤਕਨੀਕ
ਸਿੱਖ ਸਿਆਸਤ ਦੇ ਇਸ ਲਿਰੂਪ-ਬਦਲੂ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਸੁਰੱਖਿਅਤ ਤਕਨੀਕ ਹੈ, ਜੋ ਉਪਭੋਗਤਾ ਦੀ ਨਿੱਜਤਾ (ਪ੍ਰਾਈਵੇਸੀ) ਦਾ ਪੂਰਾ ਸਤਿਕਾਰ ਕਰਦੀ ਹੈ। ਬਿਜਾਲ (ਇੰਟਰਨੈਟ)’ਤੇ ਮੌਜੂਦ ਬਾਕੀ ਸੰਦਾਂ ਵਾਂਗ, ਇਹ ਤੁਹਾਡੀ ਲਿਖਤ ਨੂੰ ਬਦਲਣ ਲਈ ਕਿਸੇ ਕੰਪਨੀ ਦੇ ਸਰਵਰ ‘ਤੇ ਨਹੀਂ ਭੇਜਦਾ।
ਕੋਈ ਬਾਹਰੀ ਦਖਲ ਨਹੀਂ: ਜਦੋਂ ਕੋਈ ਵਰਤੋਂਕਾਰ ਕਿਸੇ ਲਿਖਤ ਬਦਲਣ ਲਈ ਪਾਉਂਦਾ ਹੋ, ਤਾਂ ਇਹ ਸਾਰਾ ਕੰਮ ਸਿੱਖ ਸਿਆਸਤ ਦੇ ਇਸ ਸੇਵਾ ਮੰਚ ਉਤੇ ਸਾਰਾ ਕੰਮ ਸਥਾਨਕ ਤੌਰ ਤੇ (ਫ਼ੋਨ ਜਾਂ ਕੰਪਿਊਟਰ ਦੇ ਬ੍ਰਾਊਜ਼ਰ ਦੇ ਅੰਦਰ) ਹੀ ਹੁੰਦਾ ਹੈ।
ਮੁਕੰਮਲ ਸੁਰੱਖਿਆ: ਲਿਰੂਪ ਬਦਲਣ ਦੀ ਸਾਰੀ ਪ੍ਰਕਿਰਿਆ ਦੌਰਾਨ ਕੋਈ ਵੀ ਲਿਖਤ ਕਦੇ ਵੀ ਕਿਸੇ ਬਾਹਰੀ ਸਰੋਤ (ਸਰਵਰ) ‘ਤੇ ਨਾ ਤਾਂ ਭੇਜੀ ਜਾਂਦੀ ਹੈ ਅਤੇ ਨਾ ਹੀ ਉਸਦੀ ਕੋਈ ਨਕਲ ਕਿਤੇ ਸਾਂਭੀ ਜਾਂਦੀ ਹੈ।
ਬਿਜਲੀ ਵਰਗੀ ਤੇਜੀ: ਕਿਉਂਕਿ ਇਹ ਜੁਗਤ ਕਿਸੇ ਸਰੋਤ (ਸਰਵਰ) ਦੀ ਉਡੀਕ ਨਹੀਂ ਕਰਦੀ, ਇਸ ਲਈ ਲਿਰੂਪ ਬਦਲਣ ਦਾ ਕੰਮ ਅੱਖ ਦੇ ਫੋਰ ਵਿੱਚ (ਤੁਰੰਤ) ਹੋ ਜਾਂਦਾ ਹੈ।
ਭਰੋਸੇਯੋਗ ਸੇਵਾ: ਇਹ ਅਹਿਮ ਦਸਤਾਵੇਜ਼ਾਂ, ਨਿੱਜੀ ਗੱਲਬਾਤ ਜਾਂ ਅਹਿਮ ਪੱਤਰਕਾਰੀ ਖਬਰਾਂ ਨੂੰ ਬਦਲਣ ਲਈ ਇਕ ਭਰੋਸੇਮੰਦ ਸਾਧਨ ਹੈ।
ਪਾਬੰਦੀਆਂ ਤੋਂ ਪਾਰ ਦਾ ਸਫਰ: ਵੱਖਰੇ ਮੰਚ (ਵੈੱਬਸਾਈਟ) ਦੀ ਲੋੜ ਕਿਉਂ ਪਈ?
ਇਸ ਲਿਰੂਪ-ਬਦਲੂ ਦਾ ਇਤਿਹਾਸ ਇੰਦੀਆ ਵਿੱਚ ਬਿਜਾਲ (ਇੰਟਰਨੈੱਟ) ‘ਤੇ ਲੱਗਦੀਆਂ ਸਰਕਾਰੀ ਰੋਕਾਂ ਨਾਲ ਜੁੜਿਆ ਹੋਇਆ ਹੈ। 31 ਮਾਰਚ 2016 ਨੂੰ ਸ਼ੁਰੂ ਕੀਤੀ ਗਈ ਇਹ ਸੇਵਾ ਪਹਿਲਾਂ ਸਿੱਖ ਸਿਆਸਤ ਦੀ ਅੰਗਰੇਜ਼ੀ ਖ਼ਬਰਾਂ ਵਾਲੇ ਬਿਜਾਲ-ਮੰਚ (ਵੈੱਬਸਾਈਟ) ਉੱਤੇ ਹੀ ਚੱਲਦੀ ਸੀ ਅਤੇ ਪੰਜਾਬੀ ਲਿਖਣ ਕਰਨ ਵਾਲਿਆਂ ਦੀ ਪਹਿਲੀ ਪਸੰਦ ਬਣ ਗਈ ਸੀ।
ਪਰ 2020 ਦੇ ਅੱਧ ਵਿੱਚ, ਭਾਰਤ ਸਰਕਾਰ ਨੇ ਆਈ.ਟੀ. ਐਕਟ ਦੀ ਧਾਰਾ 69-ਏ ਦੀ ਵਰਤੋਂ ਕਰਦਿਆਂ ਸਿੱਖ ਸਿਆਸਤ ਦੀਆਂ ਮੁੱਖ ਵੈੱਬਸਾਈਟਾਂ ‘ਤੇ ਰੋਕ ਲਾ ਦਿੱਤੀ। ਸਰਕਾਰ ਦਾ ਨਿਸ਼ਾਨਾ ਭਾਵੇਂ ਖਬਰਾਂ ਸਨ, ਪਰ ਇਸ ਨਾਲ ਭਾਰਤ ਵਿੱਚ ਬੈਠੇ ਪੰਜਾਬੀ ਵਰਤੋਂਕਾਰਾਂ ਲਈ ਇਹ ਅਹਿਮ ਲਿਰੂਪ-ਬਦਲੂ ਵੀ ਬੰਦ ਹੋ ਗਿਆ।
ਇਸ ਗੱਲ ਨੂੰ ਮਹਿਸੂਸ ਕਰਦਿਆਂ ਕਿ ਸਿਆਸੀ ਪਾਬੰਦੀਆਂ ਦਾ ਖ਼ਮਿਆਜ਼ਾ ਪੰਜਾਬੀ ਮਾਂ-ਬੋਲੀ ਦਾ ਬਿਜਲਈ ਪਸਾਰ ਕਿਉਂ ਭੁਗਤੇ, ਸਿੱਖ ਸਿਆਸਤ ਨੇ ਬਾਅਦ ਵਿੱਚ ਇਸ ਸਾਧਨ ਨੂੰ ਇੱਕ ਵੱਖਰੀ ਅਤੇ ਸੁਤੰਤਰ ਵੈੱਬਸਾਈਟ SSFontConverter.com ‘ਤੇ ਤਬਦੀਲ ਕਰ ਦਿੱਤਾ। ਇਸ ਕਦਮ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਇਹ ਸੇਵਾ ਬਿਨਾਂ ਕਿਸੇ ਰੋਕ-ਟੋਕ ਦੇ ਸਭ ਲਈ ਖੁੱਲ੍ਹੀ ਰਹੇ।
ਅੱਜ, ਇਸ਼ਤਿਹਾਰਾਂ ਤੋਂ ਰਹਿਤ ਇਹ ਮੰਚ ਬਿਲਕੁਲ ਮੁਫ਼ਤ ਵਿੱਚ ਅਨਮੋਲ-ਲਿਪੀ ਕੀਬੋਰਡ, ਗੁਰਮੁਖੀ ਅੰਕਾਂ ਵਾਲੇ ਕੀਬੋਰਡ ਅਤੇ ਅੱਖਰ ਗਿਣਨ ਵਰਗੀਆਂ ਅਹਿਮ ਸਹੂਲਤਾਂ ਪ੍ਰਦਾਨ ਕਰਕੇ ਦੁਨੀਆ ਭਰ ਵਿੱਚ ਪੰਜਾਬੀ ਭਾਸ਼ਾ ਦੇ ਬਿਜਾਲੀ ਖੇਤਰ ਵਿਚ ਵਿਕਾਸ ਵਿੱਚ ਭੂਮਿਕਾ ਅਦਾ ਕਰ ਰਿਹਾ ਹੈ।