ਪਟਨਾ: ਭਾਰਤ ਵਿਚ ਔਰਤਾਂ ਪ੍ਰਤੀ ਵੱਧ ਰਹੀ ਦਰਿੰਦਗੀ ਦੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ। ਬਿਹਾਰ ਦੇ ਮੁਜ਼ੱਫਰਪੁਰ ਵਿਚ ਸਰਕਾਰੀ ਮਦਦ ਵਾਲੇ ਇਕ ਰੈਣ ਬਸੇਰੇ (ਸ਼ੈਲਟਰ ਹੋਮ) ਦੀਆਂ ਕੁੜੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਇਕ ਸਾਥਣ ਨੂੰ ਕੁਟਿਆ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ ਤੇ ਫੇਰ ਉਸਨੂੰ ਉੱਥੇ ਹੀ ਦੱਬ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਕੁੜੀਆਂ ਨਾਲ ਬਲਾਤਕਾਰ ਕਰਨ ਦਾ ਵੀ ਦੋਸ਼ ਲਾਇਆ ਗਿਆ ਹੈ।
ਇਨ੍ਹਾਂ ਦੋਸ਼ਾਂ ਤੋਂ ਬਾਅਦ ਬਿਹਾਰ ਪੁਲਿਸ ਨੇ ਸਬੰਧਿਤ ਥਾਂ ਦੀ ਪਟਾਈ ਸ਼ੁਰੂ ਕਰ ਦਿੱਤੀ ਹੈ, ਪਰ ਫਿਲਹਾਲ ਕੁੜੀ ਦੀ ਲਾਸ਼ ਨਹੀਂ ਮਿਲੀ ਹੈ।
ਮੁਜ਼ੱਫਰਪੁਰ ਦੀ ਐਸਐਸਪੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤਕ 10 ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਤੇ ਛੇਤੀ ਹੀ ਇਹਨਾਂ ਖਿਲਾਫ ਚਾਰਜਸ਼ੀਟ ਦਰਜ ਕੀਤੀ ਜਾਵੇਗੀ।
ਇਸ ਰੈਣ ਬਸੇਰੇ (ਸ਼ੈਲਟਰ ਹੋਮ) ਵਿਚ 40 ਤੋਂ ਵੱਧ ਕੁੜੀਆਂ ਰੱਖੀਆਂ ਗਈਆਂ ਸਨ ਤੇ ਮੈਡੀਕਲ ਰਿਪੋਰਟਾਂ ਤੋਂ ਸਾਹਮਣੇ ਆਇਆ ਹੈ ਕਿ ਇਹਨਾਂ ਵਿਚੋਂ ਅੱਧੀਆਂ ਤੋਂ ਵੱਧ ਕੁੜੀਆਂ ਨਾਲ ਸ਼ਰੀਰਕ ਸਬੰਧ ਬਣਾਏ ਗਏ ਹਨ।
ਆਰਜੇਡੀ ਦੇ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਸ਼ੈਲਟਰ ਹੋਮ ਦਾ ਮਾਲਕ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਕਰੀਬੀ ਹੈ ਤੇ ਉਸਨੇ ਚੋਣਾਂ ਦੌਰਾਨ ਨਿਤਿਸ਼ ਕੁਮਾਰ ਲਈ ਪ੍ਰਚਾਰ ਵੀ ਕੀਤਾ ਸੀ।
ਇਸ ਮਾਮਲੇ ਨੂੰ ਲੋਕ ਸਭਾ ਵਿਚ ਚੁੱਕਦਿਆਂ ਮੁਜ਼ੱਫਰਪੁਰ ਦੇ ਵਿਧਾਇਕ ਪੱਪੂ ਯਾਦਵ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।