ਮੋਹਾਲੀ: 25 ਅਗਸਤ (ਸ਼ੁੱਕਰਵਾਰ) ਨੂੰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ 2002 ਦੇ ਬਲਾਤਕਾਰ ਕੇਸ ਦਾ ਫੈਸਲਾ ਸੁਣਾਉਣ ਦੇ ਮੱਦੇਨਜ਼ਰ ਪੈਦਾ ਹੋਈ ਸਥਿਤੀ ਕਾਰਨ ਚੰਡੀਗੜ੍ਹ, ਪੰਚਕੂਲਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਹੱਦਾਂ ਨਾਲ ਲਗਦੇ ਸਮੂਹ ਮੁੱਖ ਮਾਰਗ ਸੀਲ ਕਰ ਦਿੱਤੇ ਹਨ। ਇਨ੍ਹਾਂ ਥਾਵਾਂ ’ਤੇ 24 ਘੰਟੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ।

ਪੰਜਾਬ ਰੋਡਵੇਜ਼ ਨੇ ਅਗਾਊਂ ਸੂਚਨਾ ਦਿੱਤੇ ਬਿਨਾਂ ਹੀ ਅਚਾਨਕ ਮੋਹਾਲੀ ਤੋਂ ਪਟਿਆਲਾ ਅਤੇ ਪਟਿਆਲਾ ਤੋਂ ਮੋਹਾਲੀ ਰੂਟ ’ਤੇ ਬੱਸਾਂ ਬੰਦ ਕਰ ਦਿੱਤੀਆਂ ਹਨ। ਜਿਸ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰੂਟ ’ਤੇ ਦਰਜਨ ਤੋਂ ਵੱਧ ਤਕਨੀਕੀ ਸਿੱਖਿਆ ਕਾਲਜ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਟਿਆਲਾ ਤੋਂ ਰੋਜ਼ਾਨਾ ਮੋਹਾਲੀ ਆਉਣ ਵਾਲੇ ਸਾਹਿਤਕਾਰ ਜਗਮੋਹਨ ਸਿੰਘ ਲੱਕੀ, ਬਲਜਿੰਦਰ ਸਿੰਘ ਤੇ ਜਗਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਸ਼ਾਮ ਨੂੰ ਵਾਪਸ ਪਟਿਆਲਾ ਜਾਣ ਲੱਗੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੀਆਰਟੀਸੀ ਨੇ ਦੁਪਹਿਰ 12 ਵਜੇ ਅਚਾਨਕ ਇਸ ਰੂਟ ’ਤੇ ਬੱਸਾਂ ਚਲਾਉਣੀਆਂ ਬੰਦ ਕਰ ਦਿੱਤੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਖੁਆਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਮੋਹਾਲੀ ਤੋਂ ਆਟੋ ਰਿਕਸ਼ਾ ਵਿੱਚ ਲਾਂਡਰਾਂ ਚੌਕ ਪੁੱਜੇ ਫਿਰ ਬਨੂੜ ਤੱਕ ਪ੍ਰਾਈਵੇਟ ਵਾਹਨਾਂ ਤੋਂ ਲਿਫ਼ਟ ਲਈ ਅਤੇ ਬਨੂੜ ਤੋਂ ਟਰੱਕ ਵਿੱਚ ਚੜ੍ਹ ਕੇ ਰਾਤ ਨੂੰ ਪਟਿਆਲਾ ਪੁੱਜੇ।
ਸਬੰਧਤ ਖ਼ਬਰ:
ਹਲਕਾ ਰਾਮਪੁਰਾ ਫੂਲ ਦੀ ਬਾਦਲ ਦਲ ਦੀ ਇਕਾਈ ਵਲੋਂ ਡੇਰਾ ਸਿਰਸਾ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ …
ਇੰਝ ਹੀ ਖਰੜ ਤੋਂ ਰਾਜਪੁਰਾ ਜਾਣ ਵਾਲੇ ਰਾਜਵਿੰਦਰ ਸਿੰਘ ਅਤੇ ਪਿੰਡ ਲਖਨੌਰ ਤੋਂ ਬਹਾਦਰਗੜ੍ਹ ਜਾਣ ਵਾਲੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਂਡਰਾਂ ਟੀ ਪੁਆਇੰਟ ’ਤੇ ਕਾਫੀ ਦੇਰ ਖੜ੍ਹੇ ਰਹਿਣ ਤੋਂ ਬਾਅਦ ਪਤਾ ਲੱਗਾ ਕਿ ਇਸ ਰੂਟ ’ਤੇ ਬੱਸਾਂ ਬੰਦ ਕਰ ਦਿੱਤੀਆਂ ਹਨ। ਬਾਅਦ ਵਿੱਚ ਉਨ੍ਹਾਂ ਨੂੰ ਰਿਸ਼ਤੇਦਾਰ ਰਾਜਪੁਰਾ ਅਤੇ ਬਹਾਦਰਗੜ੍ਹ ਕਾਰ ਵਿੱਚ ਛੱਡ ਕੇ ਆਏ।
ਸਬੰਧਤ ਖ਼ਬਰ:
ਗਿਆਨੀ ਗੁਰਮੁੱਖ ਸਿੰਘ ਮੁਤਾਬਕ; ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਹੁਕਮ ਬਾਦਲਾਂ ਨੇ ਦਿੱਤੇ ਸਨ …
ਰਾਮ ਰਹੀਮ ਦੇ ਅਦਾਲਤ ‘ਚ ਪੇਸ਼ੀ ਕਾਰਨ ਹੁਣ ਤਕ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ‘ਚ ਨੀਮ ਫੌਜੀ ਦਸਤਿਆਂ ਦੀਆਂ 167 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ। 40 ਕੰਪਨੀਆਂ ਰਾਖਵੀਆਂ ਰੱਖੀਆਂ ਗਈਆਂ ਹਨ ਤਾਂ ਜੋ ਲੋੜ ਪੈਣ ‘ਤੇ ਮੰਗਵਾਈਆਂ ਜਾ ਸਕਣ। ਹਰਿਆਣਾ ‘ਚ 35 ਕੰਪਨੀਆਂ ਅਤੇ ਪੰਜਾਬ ‘ਚ 75 ਕੰਪਨੀਆਂ ਤੈਨਾਤ ਹਨ। ਬੀਬੀਸੀ ਦੀ ਖ਼ਬਰ ਮੁਤਾਬਕ ਪੰਚਕੁਲਾ ‘ਚ 2 ਲੱਖ ‘ਪ੍ਰੇਮੀ’ ਪਹੁੰਚ ਚੁੱਕੇ ਹਨ ਅਤੇ 40-50 ਹਜ਼ਾਰ ਡੇਰਾ ਪ੍ਰੇਮੀ ਪੰਚਕੁਲਾ ਤੋਂ ਬਾਹਰ ਇਕੱਠੇ ਹੋਏ ਹਨ ਜਿਨ੍ਹਾਂ ਕੋਲ ਦੋ ਦਿਨਾਂ ਦਾ ਤਿਆਰ (ਪੈਕ) ਖਾਣਾ ਮੌਜੂਦ ਹੈ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੰਜਾਬ ਅਤੇ ਹਰਿਆਣਾ ਦੇ ਪਟਰੋਲ ਪੰਪਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਬਿਨਾ ਗੱਡੀ ਤੋਂ ਕਿਸੇ ਨੂੰ ਕੇਨੀਆਂ, ਬੋਤਲਾਂ ਆਦਿ ‘ਤੇ ਪੈਟਰੋਲ, ਡੀਜ਼ਲ ਨਾ ਦਿੱਤਾ ਜਾਵੇ। ਮੀਡੀਆ ਰਿਪੋਰਟ ਮੁਤਾਬਕ ਪ੍ਰਸ਼ਾਸਨ ਨੂੰ ਖਦਸ਼ਾ ਹੈ ਕਿ ਡੇਰਾ ਪ੍ਰੇਮੀ ਹਿੰਸਾ ਕਰ ਸਕਦੇ ਹਨ।

ਰੋਡਵੇਜ਼ ਮਹਿਕਮੇ ਵਲੋਂ ਸਮੂਹ ਡਿਪੂਆਂ ‘ਤੇ 24 ਅਗਸਤ ਦੁਪਹਿਰ 12 ਵਜੇ ਤੋਂ 26 ਦੇਰ ਰਾਤ ਤਕ ਲਈ ਕੰਟਰੋਲ ਰੂਮ ਸਥਾਪਤ ਕਰਨ ਦੇ ਹੁਕਮ ਦਿੱਤੇ ਹਨ ਜਿੱਥੋਂ ਕਿਸੇ ਕਿਸਮ ਦੀ ਸਮੱਸਿਆ ਸਬੰਧੀ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਣਾਏ ਕੰਟਰੋਲ ਰੂਮ ਨਾਲ ਰਾਬਤਾ ਬਣਾਇਆ ਜਾਵੇਗਾ। ਇਸੇ ਸਮੇਂ ਦੌਰਾਨ ਬਠਿੰਡਾ, ਬੁਢਲਾਡਾ, ਸੰਗਰੂਰ ਤੇ ਬਰਨਾਲਾ ਡਿਪੂ ਵੱਲੋਂ ਆਪਣੀ ਬਸ ਸੇਵਾ ਬੰਦ ਰੱਖੀ ਜਾਵੇਗੀ।
ਬਾਕੀ ਡਿਪੂਆਂ ਵੱਲੋਂ ਉਕਤ ਡਿਪੂਆਂ ਦੇ ਖੇਤਰ ਤੋਂ ਇਲਾਵਾ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ‘ਚ ਹੀ ਬੱਸ ਸਰਵਿਸ ਚਲਾਈ ਜਾਵੇਗੀ ਤੇ ਨਵੀਆਂ ਬੱਸਾਂ ਨੂੰ ਸੜਕਾਂ ‘ਤੇ ਨਹੀਂ ਉਤਾਰਿਆ ਜਾਵੇਗਾ। 24 ਅਗਸਤ ਦੀ ਰਾਤ ਨੂੰ ਵੀ ਬੱਸਾਂ ਸੁਰੱਖਿਅਤ ਥਾਵਾਂ ‘ਤੇ ਖੜ੍ਹਾ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਸਬੰਧਤ ਖ਼ਬਰ:
ਪੰਜ ਸਿੰਘ ਸਾਹਿਬਾਨ ਨੇ ਸੌਦਾ ਸਾਧ ਨੂੰ ਮਾਫ ਕਰਨ ਦਾ ਐਲਾਨ ਕੀਤਾ; ਸਿੱਖ ਸੰਗਤ ਹੈਰਾਨ ਅਤੇ ਪਰੇਸ਼ਾਨ …