
ਜਲੰਧਰ (26 ਮਾਰਚ, 2016): ਸਰਬ ਧਰਮ ਸੰਸਦ ਦੇ ਕੌਮੀ ਕਨਵੀਨਰ ਸਵਾਮੀ ਅਗਨੀਵੇਸ਼ ਨੇ ਕਿਹਾ ਹੈ ਕਿ ਕਿਸੇ ਵੀ ਕੰਮ ਵਿਚ ਕੱਟੜਵਾਦ ਨੁਕਸਾਨਦੇਹ ਹੈ ਤੇ ਇਸ ਨੂੰ ਹਰ ਹਾਲ ਵਿਚ ਖਤਮ ਕੀਤਾ ਜਾਣਾ ਚਾਹੀਦਾ ਹੈ।
ਦੇਸ਼ ਦੀਆਂ ਯੂਨੀਵਰਸਿਟੀਆਂ ’ਤੇ ਹਿੰਦੂਤਵ ਦੇ ਕੱਸੇ ਜਾ ਰਹੇ ਸ਼ਿਕੰਜੇ ਦੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਾਣ ਬੁੱਝ ਕੇ ਯੂਨੀਵਰਸਿਟੀਆਂ ’ਚ ਆਰ.ਐਸ.ਐਸ. ਆਪਣੀ ਸੋਚ ਥੋਪ ਰਹੀ ਹੈ।
ਉਨ੍ਹਾਂ ਕਿਹਾ ਕਿ ਜੋ ਕੱਟੜਵਾਦਤਾ ਦਾ ਮਾਹੌਲ ਭਾਰਤ ਵਿਚ ਸਿਰਜਿਆ ਜਾ ਰਿਹਾ ਹੈ ਉਹ ਚਿੰਤਾ ਦਾ ਵੱਡਾ ਕਾਰਨ ਹੈ। ਉਨ੍ਹਾਂ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਵੰਦੇ ਮਾਤਰਮ’ ਜਾਂ ‘ਭਾਰਤ ਮਾਤਾ ਦੀ ਜੈ’ ਜ਼ਬਰਦਸਤੀ ਕਿਸੇ ਕੋਲੋਂ ਨਹੀਂ ਅਖਵਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤੋਂ ਡਰਾ ਧਮਕਾ ਕੇ ਅਜਿਹਾ ਕੁਹਾਇਆ ਜਾਂਦਾ ਹੈ ਤਾਂ ਇਹ ਕੋਈ ਵੀ ਸਹਿਣ ਨਹੀਂ ਕਰੇਗਾ।
ਆਰ.ਐਸ.ਐਸ. ’ਤੇ ਤਿੱਖਾ ਹਮਲਾ ਬੋਲਦਿਆਂ ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਉਹ ਦੇਸ਼ ਵਿਚ ਰਾਖਵਾਂਕਰਨ ਨੂੰ ਖਤਮ ਕਰਨ ਦੇ ਏਜੰਡੇ ’ਤੇ ਚੱਲ ਰਹੀ ਹੈ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਰਹੇ ਹਨ ਕਿ ਰਾਖਵਾਂਕਰਨ ਕਿਸੇ ਕੀਮਤ ’ਤੇ ਖਤਮ ਨਹੀਂ ਹੋਵੇਗਾ।
ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਜਦੋਂ ਵੀ.ਪੀ. ਸਿੰਘ ਸਰਕਾਰ ਨੇ ਮੰਡਲ ਕਮਿਸ਼ਨ ਲਿਆਂਦਾ ਸੀ ਤਾਂ ਆਰ.ਐਸ.ਐਸ. ਨੇ ਮੁਕਾਬਲੇ ਵਿਚ ਕਮੰਡਲ ਕਮਿਸ਼ਨ ਬਣਾਇਆ ਸੀ ਤੇ ਰਾਮ ਮੰਦਰ ਦੇ ਮੁੱਦੇ ਨੂੰ ਜਾਣ ਬੁੱਝ ਕੇ ਉਭਾਰਿਆ ਸੀ। ਉਨ੍ਹਾਂ ਕਿਹਾ ਕਿ 1925 ਵਿਚ ਬਣੀ ਆਰ.ਐਸ.ਐਸ. ਨੇ ਅੱਜ ਤੱਕ ਇਕ ਵੀ ਸਮਾਜ ਸੁਧਾਰ ਦਾ ਕੰਮ ਨਹੀਂ ਕੀਤਾ ਤੇ ਨਾ ਹੀ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਕੋਈ ਯੋਗਦਾਨ ਪਾਇਆ ਹੈ।
ਜੇ.ਐਨ.ਯੂ, ਹੈਦਰਾਬਾਦ ਯੂਨੀਵਰਸਿਟੀ, ਇਲਾਹਾਬਾਦ ਯੂਨੀਵਰਸਿਟੀ, ਬਨਾਰਸ ਯੂਨੀਵਰਸਿਟੀ ’ਚ ਚੱਲ ਰਹੇ ਏ.ਬੀ.ਪੀ. ਦੇ ਅੰਦੋਲਨ ਅਸਲ ਵਿਚ ਹਿੰਦੂਤਵ ਸੋਚ ਨੂੰ ਅੱਗੇ ਲਿਜਾਣ ਲਈ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਦਲਿਤ ਦਾਸਤਾਂ ਦੇ ਆਗੂ ਜੈ ਸਿੰਘ, ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਤੇ ਪੰਜਾਬੀ ਜਾਗ੍ਰਿਤੀ ਮੰਚ ਦੇ ਦੀਪਕ ਬਾਲੀ ਹਾਜ਼ਰ ਸਨ।