ਲੁਧਿਆਣਾ (9 ਅਗਸਤ, 2015): ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸ਼ਿਲਾਂਗ ਵਿੱਚ ਸਥਿਤ ਸਿਟੀ ਗੁਰਦੁਆਰਾ ਬੜਾ ਬਾਜ਼ਾਰ ਦੀ ਨਵੀਂ ਉਸਾਰੀ ਜਾਣ ਵਾਲੀ ਇਮਾਰਤ ਦੇ ਕੰਮ ਦਾ ਰਸਮੀ ਉਦਘਾਟਨ ਕਰਦਿਆਂ ਕਿਹਾ ਕਿ ਸ਼੍ਰੌਮਣੀ ਕਮੇਟੀ ਹੁਣ ਜਲਦੀ ਹੀ ਅਸਾਮ ਦੀ ਰਾਜਧਾਨੀ ਗੁਹਾਟੀ ਵਿੱਚ ਵੀ ਸਿੱਖ ਮਿਸ਼ਨ ਦੀ ਸਥਾਪਨਾ ਕਰੇਗੀ।
ਸ਼੍ਰੋਮਣੀ ਕਮੇਟੀ ਵੱਲੋਂ ਇਸ ਗੁਰਦੁਆਰਾ ਦੀ ਨਵੀਂ ੲਿਮਾਰਤ ਉਸਾਰਨ ਲਈ 25 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਹੈ।

ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਮੱਕੜ ਨੇ ਕਿਹਾ ਕਿ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਦੇ ਸਿੱਖ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਯਤਨਸ਼ੀਲ ਹੈ।
ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿੱਚ ਉਕਤ ਰਾਜਾਂ ਦੇ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਹੋਣਹਾਰ ਸਿੱਖ ਵਿਦਿਆਰਥੀਆਂ ਲਈ ਪੰਜ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ ਜਿਨ੍ਹਾਂ ਦੀ ਪੜ੍ਹਾਈ ਦਾ ਸਮੁੱਚਾ ਖ਼ਰਚਾ ਸ਼੍ਰੋਮਣੀ ਕਮੇਟੀ ਆਪਣੇ ਤੌਰ ’ਤੇ ਕਰੇਗੀ।
ਇਸੇ ਤਰ੍ਹਾਂ ਉਕਤ ਖਿੱਤੇ ਵਿੱਚ ਸ਼ਾਮਲ ਸਮੂਹ ਰਾਜਾਂ ਅੰਦਰ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਥਾਨਕ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਿੱਖਿਅਤ ਕਰਕੇ ਚੰਗੇ ਪ੍ਰਚਾਰਕ, ਗ੍ਰੰਥੀ, ਰਾਗੀ ਤੇ ਕਥਾ ਵਾਚਕ ਬਣਾਉਣ ਦਾ ਉਪਰਾਲਾ ਵੀ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੁਰਮਤਿ ਵਿੱਦਿਆ ਦੀ ਪੜ੍ਹਾਈ ਲਈ ਸਥਾਨਕ ਸਿੱਖ ਨੌਜਵਾਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਮਿਸ਼ਨਰੀ ਕਾਲਜਾਂ ਵਿੱਚ ਦਾਖ਼ਲਾ ਦੇ ਕੇ ਪੀਐਚਡੀ ਦੇ ਪੈਟਰਨ ’ਤੇ ਗੁਰਬਾਣੀ ਅਤੇ ਗੁਰਮਤਿ ਤੇ ਸਿੱਖ ਇਤਿਹਾਸ ਦੀ ਖੋਜ ਵਿਧੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਉਹ ਨਵੀਨ ਤੇ ਢੁੱਕਵੀਆਂ ਵਿਧੀਆਂ ਰਾਹੀਂ ਆਪਣੇ ਰਾਜਾਂ ਅੰਦਰ ਸਿੱਖ ਧਰਮ ਦਾ ਕੁਸ਼ਲਤਾਪੂਰਵਕ ਪ੍ਰਚਾਰ ਕਰ ਸਕਣ।