ਲੁਧਿਆਣਾ (10 ਸਤੰਬਰ, 2015): ਪੰਜਾਬ ਦੀ ਅਖੌਤੀ ਬਾਦਲ ਦੀ ਪੰਥਕ ਸਰਕਾਰ ਵੱਲੋਂ ਸਿੱਖ ਕਤਲੇਆਮ 1984 ਦੇ ਪੀੜਤਾਂ ਦੇ ਮੁੜ ਵਸੇਬੇ ਲਈ ਕੀਤੇ ਵਾਅਦੇ ਨਾ ਪੂਰੇ ਕਰਨ ਦੇ ਰੋਸ ਵਜੋਂ ਅੱਜ ਇੱਥੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
1984 ਸਿੱਖ ਕਤੇਲਆਮ ਪੀੜ੍ਹਤ ਵੈਲਫੇਅਰ ਸੁਸਾਇਟੀ ਵੱਲੋਂ ਪੰਜਾਬ ਸਰਕਾਰ ਦੇ ਪੀੜ੍ਹਤਾਂ ਸਬੰਧੀ ਕੀਤੇ ਗਏ ਫੈਸਲਿਆਂ ਨੂੰ ਲਾਗੂ ਕਰਵਾਉਣ ਤੇ ਹੋਰ ਮਸਲੇ ਹੱਲ ਕਰਵਾਉਣ ਲਈ ਇਸਤਰੀ ਵਿੰਗ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਅਗਵਾਈ ਹੇਠ 5 ਬੀਬੀਆਂ ਵੱਲੋਂ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰ ਕੀਤੀ।

ਸਥਾਨਕ ਸੀ. ਆਰ. ਪੀ. ਕਲੋਨੀ ਦੁੱਗਰੀ ਤੋਂ ਸੈਕੜੇਂ ਪਰਿਵਾਰ ਮਾਰਚ ਕਰਦੇ ਹੋਏ ਭਾਰਤ ਨਗਰ ਚੌਾਕ ਪੁੱਜੇ ਜਿਥੇ ਉਨ੍ਹਾਂ 1 ਘੰਟੇ ਤੋਂ ਵੱਧ ਸਮਾਂ ਧਰਨਾ ਦੇ ਕੇ ਆਵਾਜਾਈ ਠੱਪ ਰੱਖੀ । ਇਸ ਦੌਰਾਨ ਇਕ ਬਜ਼ੁਰਗ ਗੁਰਮੁੱਖ ਸਿੰਘ ਬੇਹੋਸ਼ ਹੋ ਗਿਆ, ਜਿਸ ਕਾਰਨ ਕੁਝ ਸਮੇਂ ਲਈ ਤਨਾਅ ਪੈਦਾ ਹੋ ਗਿਆ ।
ਏ. ਸੀ.ਪੀ. ਗੁਲਨੀਤ ਸਿੰਘ ਖੁਰਾਣਾ ਤੇ ਦੀਪਿਕਾ ਸਿੰਘ ਦੀ ਅਗਵਾਈ ਹੇਠ ਪੁਲਿਸ ਫੋਰਸ ਹਾਜਰ ਸੀ, ਜਿਸ ਨੇ ਧਰਨਾਕਾਰੀਆਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਧਰਨੇ ‘ਤੇ ਬੈਠੇ ਰਹੇ । ਮੁਜ਼ਾਹਰਾਕਾਰੀਆਂ ਜਿਨ੍ਹਾਂ ਨੇ ਕਾਲੇ ਝੰਡੇ ਤੇ ਬੀਬੀਆਂ ਨੇ ਕਾਲੇ ਚੋਲੇ ਪਾਏ ਹੋਏ ਸਨ ਉਹ ਨਾਅਰੇਬਾਜੀ ਕਰਦੇ ਹੋਏ ਮਿੰਨੀ ਸਕਤਰੇਤ ਦੇ ਬਾਹਰ ਪੁੱਜੇ ਜਿਥੇ ਉਨ੍ਹਾਂ ਸਰਕਾਰ ਦਾ ਪੁਤਲਾ ਫੂਕਿਆ ।
ਬਾਅਦ ‘ਚ ਬੀਬੀ ਗੁਰਦੀਰ ਕੌਰ ਦੀ ਅਗਵਾਈ ਹੇਠ ਪੰਜ ਬੀਬੀਆਂ ਗੁਰਮੇਲ ਕੌਰ, ਭੁਪਿੰਦਰ ਕੌਰ, ਰਣਜੀਤ ਕੌਰ, ਸੁਰਜੀਤ ਕੌਰ ਤੇ ਗੁਰਦੇਵ ਕੌਰ ਨੇ ਭੁੱਖ ਹੜਤਾਲ ਸ਼ੁਰੂ ਕੀਤੀ । ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ ) ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਸਕਤੱਰ ਜਨਰਲ ਮੇਜਰ ਸਿੰਘ ਖਾਲਸਾ ਤੇ ਫੈਡਰੇਸ਼ਨ ਪੀਰ ਮੁਹੰਮਦ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਉਚੇਚੇ ਤੌਰ ‘ਤੇ ਹਾਜਰ ਸਨ, ਜਿਨ੍ਹਾਂ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਪੀੜ੍ਹਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੀਤੇ ਗਏ ਫੈਸਲਿਆਂ ਨੂੰ ਫੌਰੀ ਤੌਰ ‘ਤੇ ਲਾਗੂ ਕੀਤਾ ਜਾਵੇ ।