ਸੈਕਰਾਮੈਂਟੋ (18 ਅਕਤੂਬਰ, 2014): ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਤੋਂ 30 ਸਾਲ ਪਹਿਲਾਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਹੋਈ ਨਸਲਕੁਸ਼ੀ ਅਤੇ 30 ਸਾਲ ਬੀਤ ਜਾਣ ਦੇ ਬਾਅਦ ਵੀ ਭਾਰਤੀ ਨਿਆਇਕ ਢਾਂਚੇ ਵੱਲੋਂ ਪੀੜਤਾਂ ਨੂੰ ਇਨਸਾਫ ਨਾ ਦੇਣਾ ਦਾ ਮੁੱਦਾ ਕੌਮਾਂਤਰੀ ਪੱਧਰ ‘ਤੇ ਉੱਠਦਾ ਜਾ ਰਿਹਾ ਹੈ।

ਅਮਰੀਕਾ ਦੇ ਸਿੱਖ ਵੱਸੋਂ ਵਾਲੇ ਸੂਬੇ ਕੈਲੇਫੋਰਨੀਆਂ ਵਿੱਚ ਚੋਣਾਂ ਹੋ ਰਹੀਆਂ ਹਨ, ਜਿਸ ਵਿੱਚ ਕੈਲੀਫੋਰਨੀਆਂ ਰਿਪਬਲਿਕਨ ਪਾਰਟੀ ਅਤੇ ਕੁਝ ਸਿੱਖ ਰਾਜਨੀਤਕ ਕਾਰਕੁੰਨ ਕਾਂਗਰਸ ਦੇ ਡੈਮੋਕ੍ਰੇਟਿਕ ਮੈਂਬਰ ਅਮੀ ਬੇਰਾ ਖ਼ਿਲਾਫ਼ ਇਹ ਕਹਿ ਕੇ ਮੁਹਿੰਮ ਚਲਾ ਰਹੇ ਹਨ ਕਿ ਬੇਰਾ ਨੇ 1984 ਦੇ ਸਿੱਖ ਨਸਲਕੁਸ਼ੀ ‘ਚ ਭਾਰਤ ਸਰਕਾਰ ਦੀ ਕਥਿਤ ਸ਼ਮੂਲੀਅਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਬੇਰਾ ਇਕ ਫਿਜ਼ੀਸ਼ੀਅਨ ਹਨ ਅਤੇ ਸੈਕਰਾਮੈਂਟੋ ਜ਼ਿਲ੍ਹੇ ਦੀ ਅਗਵਾਈ ਕਰਦੇ ਹਨ। ਉਹ ਕਾਂਗਰਸ ਦੇ ਇਕਲੌਤੇ ਭਾਰਤੀ ਅਮਰੀਕੀ ਹਨ। ਮੁੱਖ ਚੁਣਾਵੀ ਮੁਕਾਬਲਾ ਬੇਰਾ ਤੇ ਰਿਪਬਲਿਕਨ ਡਾਊਗ ਓਸੇ ਵਿਚਕਾਰ ਹੈ ਅਤੇ ਇਕ ਭਾਈਚਾਰੇ ‘ਚ ਮਾਮੂਲੀ ਜਿਹਾ ਵਿਦਰੋਹ ਵੀ ਚੋਣ ਦੀ ਦਿਸ਼ਾ ਬਦਲ ਸਕਦਾ ਹੈ।