ਚੰਡੀਗੜ੍ਹ (15 ਅਪ੍ਰੈਲ, 2015): ਸਮੁੱਚੀ ਸਿੱਖ ਕੌਮ ਵੱਲੋਂ ਵਿਆਪਕ ਪੱਧਰ ‘ਤੇ ਗਰੂ ਨਾਨਕ ਸਾਹਿਬ ਅਤੇ ਸਿੱਖ ਧਰਮ ਵਿੱਚ ਸਤਿਕਾਰਤ ਸ਼ਖਸ਼ੀਅਤਾਂ ਭਾਈ ਮਰਦਾਨਾ ਜੀ ਅਤੇ ਬੇਬੇ ਨਾਨਕੀ ਜੀ ਨੂੰ ਫਿਲਮੀ ਪਰਦੇ ‘ਤੇ ਦ੍ਰਿਸ਼ਮਾਨ ਕਰਦੀ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਖਿਲਾਫ ਰੋਸ ਅਤੇ ਰੋਹ ਜ਼ਾਹਿਰ ਕੀਤਾ ਜਾ ਰਿਹਾ ਹੈ।ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਸੰਸਥਾਵਾਂ ਜਿਵੇਂ ਕਿ ਦਮਦਮੀ ਟਕਸਾਲ ਭਿੰਡਰਾਂਵਾਲਾ, ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਨੇ ਵੀ ਫਿਲ਼ਮ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।
ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਸਥਿਤ ਯੂਨੀਵਰਸਿਟੀ ਦੇ ਵਿਦਆਰਥੀਆਂ ਨੇ ਸੜਕਾਂ ਉਤੇ ਆ ਕੇ ਫਿਲਮ ਵਿਰੁੱਧ ਆਪਣਾ ਰੋਹ ਦਾ ਪ੍ਰਗਟਾਵਾ ਕੀਤਾ ਹੈ।
ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਬਰਤਾਨੀਆਂ, ਕੈਨੇਡਾ , ਆਸਟਰੇਲੀਆ, ਇਟਲੀ, ਜਰਮਨ, ਅਮਰੀਕਾ ਆਦਿ ਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਇਸ ਫਿਲਮ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇਟਲੀ ਦੀ ਸਮੂਹ ਸੰਗਤ ਵੱਲੋਂ ਇਸ ਫਿਲਮ ਦੇ ਸਮੂਹਿਕ ਬਾਈਕਾਟ ਦਾ ਐਲਾਨ ਵੀ ਕੀਤਾ ਗਿਆ ਹੈ।

















