ਲਹਿਰਾਗਾਗਾ: ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚਲੇ ਪੋਲਿੰਗ ਬੂਥ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਹੋਈ ਲੜਾਈ ਵਿੱਚ ਦੋਹਾਂ ਧਿਰਾਂ ਦੇ 2 ਸਮਰਥਕ ਗੰਭੀਰ ਜ਼ਖ਼ਮੀ ਹੋ ਗਏ। ਇਸ ਝਗੜੇ ਦੌਰਾਨ ਇੱਟਾਂ-ਰੋੜੇ ਚੱਲੇ। ਇਸ ਮੌਕੇ ਕਾਂਗਰਸੀਆਂ ਨੇ ਅਨਿਲ ਮੱਟੂ ਦੀ ਅਗਵਾਈ ਵਿੱਚ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀਆਂ ਨੂੰ ਸੰਗਰੂਰ ਅਤੇ ਪਟਿਆਲਾ ਰੈਫਰ ਕੀਤਾ ਗਿਆ ਹੈ।

ਕਾਂਗਰਸ ਦੇ ਜ਼ਖ਼ਮੀ ਕਾਰਜਕਰਤਾ ਹਰੀਸ਼ ਕੁਮਾਰ ਪੁੱਤਰ ਨਰੇਸ਼ ਚੰਦ ਵਾਸੀ ਸ਼ਿਮਲਾ ਨੇ ਦੱਸਿਆ ਕਿ ਉਹ ਲੰਘ ਰਿਹਾ ਸੀ ਕਿ ਉਪਰੋਂ ਆਈ ਇੱਟਾਂ ਸਿਰ ਵਿੱਚ ਲੱਗਣ ਕਰਕੇ ਜ਼ਖ਼ਮੀ ਹੋ ਗਿਆ, ਜਿਸ ਨੂੰ ਮੈਡੀਕਲ ਅਫ਼ਸਰ ਨੇ ਪਟਿਆਲਾ ਭੇਜ ਦਿੱਤਾ ਹੈ। ਉਧਰ ਦੂਜੇ ਜ਼ਖ਼ਮੀ ਅਮਰੀਕ ਸਿੰਘ ਪੁੱਤਰ ਚਰਨ ਸਿੰਘ ਵਾਸੀ ਲਹਿਲ ਖੁਰਦ ਦੀ ਦੇਖਰੇਖ ਕਰ ਰਹੇ ਚਰਨਾ ਸਿੰਘ ਵਾਸੀ ਲਹਿਰਾਗਾਗਾ ਨੇ ਹਸਪਤਾਲ ਵਿੱਚ ਦੱਸਿਆ ਕਿ ਕਾਂਗਰਸ ਦੇ ਸਥਾਨਕ ਆਗੂ ਵਾਰਡ ਵਿੱਚ ਪੈਸੇ ਵੰਡ ਰਹੇ ਸਨ ਤੇ ਅਮਰੀਕ ਸਿੰਘ ਵਿਰੋਧ ਕਰ ਰਿਹਾ ਸੀ। ਉਧਰ ਲੜਾਈ ਦੌਰਾਨ ਮੌਕੇ ’ਤੇ ਪਹੰਚੇ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਨੇ ਦੋਸ਼ ਲਾਇਆ ਕਿ ਬਾਦਲ ਦਲ ਦੇ ਸਮਰਥਕਾਂ ਨੇ ਖਨੌਰੀ ਵਿੱਚ ਹਮਲਾ ਕੀਤਾ ਤੇ ਅੱਜ (4 ਫਰਵਰੀ) ਵੀ ਤਿੰਨ ਵਜੇ ਤੋਂ ਬਾਅਦ ਪਹਿਲਾਂ ਵੋਟਿੰਗ ਮਸ਼ੀਨਾਂ ਦੇ ਹੌਲੀ ਚੱਲਣ ਅਤੇ ਬਾਅਦ ਵਿੱਚ ਵੋਟਾਂ ਨਾ ਭੁਗਤਣ ਦੇਣ ਲਈ ਜਾਣ-ਬੁੱਝ ਕੇ ਲੜਾਈ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਵਿੱਚ ਬਾਦਲ ਦਲ ਦੇ ਆਗੂਆਂ ਨੇ ਬਾਹਰਲੇ ਬੰਦੇ ਲਿਆ ਕੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਤੇ ਜਾਨੋਂ-ਮਾਰਨ ਦੀ ਧਮਕੀਆਂ ਦਿੱਤੀ ਤੇ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਘਰ ਲਿਜਾ ਕੇ ਬਚਾਅ ਕੀਤਾ। ਉਧਰ ਪਰਮਿੰਦਰ ਸਿੰਘ ਢੀਂਡਸਾ ਨੇ ਮੀਡੀਆ ਸਲਾਹਕਾਰ ਗੁਰਮੀਤ ਸਿੰਘ ਜੌਹਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਸਮਰਥਕਾਂ ਨੇ ਰੋੜੇ ਚਲਾਏ, ਜਿਸ ਦਾ ਜਵਾਬ ਬਾਦਲ ਸਮਰਥਕਾਂ ਨੇ ਦਿੱਤਾ। ਉਧਰ ਐਸ.ਪੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਘਟਨਾ ਸਾਢੇ ਪੰਜ ਵਜੇ ਵਾਪਰੀ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।