ਪਟਿਆਲਾ: ਕੈਪਟਨ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਖ਼ਿਲਾਫ਼ ਪੰਜਾਬ ਦੇ ਹਜ਼ਾਰਾਂ ਟਰੱਕ ਅਪਰੇਟਰਾਂ ਨੇ ਪਟਿਆਲਾ ਵਿਖੇ ਰੈਲੀ ਕਰ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਟਰੱਕ ਯੂਨੀਅਨਾਂ ਨਾਲ ਸਬੰਧਤ ਹਰੇਕ ਸਿਆਸੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦਾ ਪ੍ਰਣ ਲਿਆ। ਰੈਲੀ ਦੌਰਾਨ 9 ਜੁਲਾਈ ਨੂੰ ਢੋਆ-ਢੁਆਈ ਦਾ ਬਾਈਕਾਟ ਕਰ ਕੇ 134 ਯੂਨੀਅਨਾਂ ਵਿਚਲੇ 93 ਹਜ਼ਾਰ ਟਰੱਕਾਂ ਦਾ ਚੱਕਾ ਜਾਮ ਰੱਖਣ ਦਾ ਐਲਾਨ ਕੀਤਾ ਗਿਆ।

‘ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ’ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਅਤੇ ਸਥਾਨਕ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਦੀ ਅਗਵਾਈ ਵਿੱਚ ਇੱਥੇ ਨਵੀਂ ਅਨਾਜ ਮੰਡੀ ’ਚ ਹੋਈ ਇਸ ਰੈਲੀ ਵਿੱਚ ਕਈ ਹਜ਼ਾਰ ਟਰੱਕ ਅਪਰੇਟਰ ਸ਼ਾਮਲ ਹੋਏ। ਕਈ ਬੁਲਾਰਿਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ’ਤੇ ਵੀ ਜ਼ੋਰ ਦਿੱਤਾ ਪਰ ਸੂਬਾ ਪ੍ਰਧਾਨ ਹੈਪੀ ਸੰਧੂ ਦਾ ਕਹਿਣਾ ਸੀ ਕਿ ਕੋਈ ਵੀ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਸਰਕਾਰ ਨੂੰ ਸੋਚਣ ਦਾ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਵੱਡੇ ਇਕੱਠ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਆਪਣਾ ਫ਼ੈਸਲਾ ਨਾ ਬਦਲਿਆ ਤਾਂ ਉਸ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਸੂਬਾਈ ਆਗੂ ਰਾਮਪਾਲ ਸਿੰਘ ਬਹਿਣੀਵਾਲ ਨੇ ਸਰਕਾਰ ਵੱਲੋਂ ਇਹ ਫ਼ਰਮਾਨ ਵਾਪਸ ਲਏ ਜਾਣ ਦੀ ਮੰਗ ਰੱਖੀ।
ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਚੇਅਰਮੈਨ ਕੁਲਤਾਰਨ ਸਿੰਘ ਅਟਵਾਲ ਅਤੇ ਹਿਮਾਚਲ ਇਕਾਈ ਤੋਂ ਪੁੱਜੇ ਬੱਦੀ ਟਰੱਕ ਯੂਨੀਅਨ ਦੇ ਸਕੱਤਰ ਕ੍ਰਿਸ਼ਨ ਸੈਣੀ ਨੇ ਵੀ ਇਨ੍ਹਾਂ ਟਰੱਕ ਅਪਰੇਟਰਾਂ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Truck Unions Protestes Against Punjab Govt, To Observe July 9th As State Wide Strike …