ਅੰਮ੍ਰਿਤਸਰ (25 ਮਈ, 2015): ਲੰਘੇ ਸਿੱਖ ਸੰਘਰਸ਼ ਦੌਰਾਨ ਕੌਮ ਦਾ ਭਵਿੱਖ ਸੰਵਾਰਨ ਘਰੋਂ ਨਿਕਲੇ ਸਿੱਖ ਨੌਜਵਾਨ ਜੋ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਆਪਣੇ ਜ਼ਿੰਦਗੀ ਦੀ ਜ਼ੁਆਨੀ ਬਿਤਾ ਚੁਕੇ ਹਨ, ਨੂੰ ਭਾਰਤ ਅਤੇ ਪੰਜਾਬ ਸਰਕਾਰ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਉਪਰੰਤ ਵੀ ਰਿਹਾੳ ਨਹੀਂ ਕਰ ਰਹੀ ਹੈ।

ਇਨ੍ਹਾਂ ਸਿੱਖ ਰਾਜਸੀ ਨਜ਼ਰਬੰਦਾਂ ਦੀ ਰਿਹਾਈ ਲਈ ਲੁਿਧਆਣਾ ਦੇ ਪਿੰਡ ਹਸਨਪੁਰ ਦੇ ਬਾਪੂ ਸੂਰਤ ਸਿੰਘ ਖਾਲਸਾ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਚੱਲ ਰਹੇ ਹਨ।ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਸੂਰਤ ਸਿੰਘ ਖਾਲਸਾ ਦੇ ਸਮਰਥਨ ਵਿੱਚ ਅੱਜ ਇੱਥੇ ਅਕਾਲ ਤਖ਼ਤ ਸਾਹਿਬ ਤੋਂ ਰੋਸ ਮਾਰਚ ਕੱਢਿਆ ਗਿਆ, ਜੋ ਲੁਧਿਆਣਾ ਸਥਿਤ ਪਿੰਡ ਹਸਨਪੁਰ ਜਾ ਕੇ ਸਮਾਪਤ ਹੋਇਆ।
ਇਹ ਰੋਸ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਕਾਰਕੁਨਾਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ। ਇਹ ਰੋਸ ਮਾਰਚ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਹੇਠ ਕੱਢਿਆ ਗਿਆ ਸੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਆਗੂ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ । ਇਨ੍ਹਾਂ ਤੋਂ ਇਲਾਵਾ ਸਤਿਕਾਰ ਕਮੇਟੀ ਹਰਿਆਣਾ ਤੋਂ ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਫੈਡਰੇਸ਼ਨ ਭਿੰਡਰਾਂਵਾਲਾ ਅੰਮ੍ਰਿਤਸਰ ਤੋਂ ਡਾ. ਗੁਰਜਿੰਦਰ ਸਿੰਘ ਵੀ ਸ਼ਾਮਲ ਸਨ।
ਰੋਸ ਮਾਰਚ ਸਬੰਧੀ ਵਾਹਨਾਂ ਦਾ ਕਾਫਲਾ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਅਜਨਾਲਾ ਨੇ ਆਖਿਆ ਕਿ ਸੂਰਤ ਸਿੰਘ ਖਾਲਸਾ ਪਿਛਲੇ ਤਿੰਨ ਮਹੀਨਿਆਂ ਤੋਂ ਭੁੱਖ ਹੜਤਾਲ ’ਤੇ ਹਨ। ਇਕ ਵਾਰ ਉਨ੍ਹਾਂ ਨੂੰ ਸਰਕਾਰ ਵਲੋਂ ਜਬਰੀ ਚੁੱਕ ਕੇ ਹਸਪਤਾਲ ਦਾਖ਼ਲ ਕਰਾ ਦਿੱਤਾ ਗਿਆ ਸੀ ਪਰ ਉਨ੍ਹਾਂ ਮੁੜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੇਲਾਂ ਵਿੱਚ ਬੰਦ ਉਨ੍ਹਾਂ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਜਿਨ੍ਹਾਂ ਦੀਆਂ ਸਜ਼ਾਵਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ।
ਉਨ੍ਹਾਂ ਆਖਿਆ ਕਿ ਸੂਰਤ ਸਿੰਘ ਖਾਲਸਾ ਦੀ ਮੰਗ ਦੇ ਸਮਰਥਨ ਵਿੱਚ ਬਣਾਈ ਗਈ ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ ਸੀ ਕਿ ਇਸ ਸਬੰਧ ਵਿੱਚ ਵੰਗਾਰ ਖਾਲਸਾ ਮਾਰਚ ਪੰਜਾਬ ਵਿੱਚ ਕੱਢੇ ਜਾਣਗੇ, ਜਿਸ ਤਹਿਤ ਪਹਿਲਾ ਮਾਰਚ ਅਕਾਲ ਤਖ਼ਤ ਤੋਂ ਕੱਢਿਆ ਗਿਆ ਹੈ। ਦੂਜਾ ਮਾਰਚ ਅਨੰਦਪੁਰ ਸਾਹਿਬ ਤੋਂ ਅਤੇ ਤੀਜਾ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕੱਢਿਆ ਜਾਵੇਗਾ।