ਦੇਹਰਾਦੂਨ (25 ਜੂਨ, 2015): ਮੌਨਸੂਨ ਦੀ ਰੁੱਤ ਸ਼ੁਰੂ ਹੋਣ ‘ਤੇ ਪਿੱਛਲੇ ਦੋ ਤਿੰਨ ਦਿਨ ਤੋਂ ਲਗਾਤਾਰ ਮੀਂਹ ਪੈਣ ਕਾਰਨ ਅੱਜ ਦੇਰ ਸ਼ਾਮ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਜਾਣ ਵਾਲਾ ਲੱਕੜੀ ਦਾ ਪੁੱਲ ਪਾਣੀ ਵਿਚ ਰੁੜ੍ਹ ਗਿਆ, ਜਿਸ ਕਾਰਨ ਇਥੇ ਕਰੀਬ 3000 ਸ਼ਰਧਾਲੂ ਫਸ ਗਏ ।

ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਕਮੇਟੀ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਹ ਪੁੱਲ ਦੋ-ਤਿੰਨ ਦਿਨਾਂ ਵਿਚ ਦੁਬਾਰਾ ਬਣਾ ਦਿੱਤਾ ਜਾਵੇਗਾ ਤੇ ਜੋ ਸ਼ਰਧਾਲੂ ਫਸੇ ਹੋਏ ਹਨ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਕੱਢ ਲਿਆ ਜਾਵੇਗਾ । ਪੁੱਲ ਦੇ ਰੁੜ੍ਹਨ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ।
ਪੰਜਾਬੀ ਅਖ਼ਬਾਰ ਅਜ਼ੀਤ ਵਿੱਚ ਛਪੀ ਖ਼ਬਰ ਅਨੁਸਾਰ ਮੈਨੇਜਮੈਂਟ ਕਮੇਟੀ ਤੇ ਸਰਕਾਰ ਫਸੇ ਸ਼ਰਧਾਲੂਆਂ ਲਈ ਢੁੱਕਵੇਂ ਪ੍ਰਬੰਧ ਕਰਵਾ ਰਹੀ ਹੈ ਤੇ ਜਦੋਂ ਤੱਕ ਪੁੱਲ ਦੁਬਾਰਾ ਨਹੀਂ ਬਣਦਾ ਉਦੋਂ ਤੱਕ ਯਾਤਰਾ ਰੋਕ ਦਿੱਤੀ ਗਈ ਹੈ ।
ਉਨ੍ਹਾਂ ਦੱਸਿਆ ਕਿ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ‘ਚ ਰੋਕ ਦਿੱਤਾ ਗਿਆ ਹੈ । ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਬੰਧਕ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਯਾਤਰਾ ਦੋ ਤਿੰਨ ਦਿਨ ‘ਚ ਦੁਬਾਰਾ ਸ਼ੁਰੂ ਕਰਵਾ ਦਿੱਤੀ ਜਾਵੇਗੀ ।