Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
WSO Releases Report on India-Linked Disinformation Targeting Sikh Canadians

ਡਬਲਯੂ. ਐਸ. ਓ. ਨੇ ਕੈਨੇਡਾ ਨੂੰ ਨਿਸ਼ਾਨਾ ਬਣਾਉਣ ਵਾਲੇ ਇੰਡੀਆ ਨਾਲ ਜੁੜੇ ਕੂੜ-ਪ੍ਰਚਾਰ ਬਾਰੇ ਨਵੀਂ ਰਿਪੋਰਟ ਜਾਰੀ ਕੀਤੀ

ਡਬਲਯੂ. ਐਸ. ਓ. ਨੇ ਕੈਨੇਡਾ ਨੂੰ ਨਿਸ਼ਾਨਾ ਬਣਾਉਣ ਵਾਲੇ ਇੰਡੀਆ ਨਾਲ ਜੁੜੇ ਕੂੜ-ਪ੍ਰਚਾਰ ਬਾਰੇ ਨਵੀਂ ਰਿਪੋਰਟ ਜਾਰੀ ਕੀਤੀ

ਓਟਾਵਾ: ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ (ਡਬਲਯੂ ਐਸ ਓ) ਨੇ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਹੈ, ਜਿਸ ਦਾ ਸਿਰਲੇਖ “ਕੈਨੇਡਾ ਦੇ ਸਿੱਖਾਂ ਵਿਰੁੱਧ ਇੰਡੀਆ ਦੀ ਕੂੜ-ਪ੍ਰਚਾਰ ਮੁਹਿੰਮ: 2026 ਰਿਪੋਰਟ — ਤਰੀਕੇ, ਫੈਲਾਅ ਅਤੇ ਅਸਰ” ਹੈ। ਇਸ ਵਿੱਚ ਘੋਖਿਆ ਗਿਆ ਹੈ ਕਿ ਕਿਵੇਂ ਕੈਨੇਡੀਅਨ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਝੂਠੇ ਅਤੇ ਗੁੰਮਰਾਹਕੁੰਨ ਬਿਰਤਾਂਤ ਇੰਡੀਆ ਵਿੱਚ ਘੜੇ ਜਾਂਦੇ ਹਨ, ਉਹਨਾਂ ਨੂੰ ਹਵਾ ਦਿੱਤੀ ਜਾਂਦੀ ਹੈ ਅਤੇ ਅੰਤ ਵਿੱਚ ਕੈਨੇਡਾ ਦੀ ਜਨਤਕ ਚਰਚਾ ਦਾ ਹਿੱਸਾ ਬਣਾ ਦਿੱਤਾ ਜਾਂਦਾ ਹੈ।

ਇਹ ਰਿਪੋਰਟ ਡਬਲਯੂ ਐਸ ਓ ਵੱਲੋਂ 2021 ਵਿੱਚ ਇੰਡੀਆ ਦੇ ਕੂੜ-ਪ੍ਰਚਾਰ ਬਾਰੇ ਜਾਰੀ ਕੀਤੀ ਰਿਪੋਰਟ ਦੀ ਹੀ ਅਗਲੀ ਕੜੀ ਹੈ। ਪੰਜ ਸਾਲਾਂ ਬਾਅਦ, ਸੰਸਥਾ ਨੇ ਪਾਇਆ ਹੈ ਕਿ ਉਹੀ ਪੁਰਾਣਾ ਤਰੀਕਾ ਹੁਣ ਹੋਰ ਵੀ ਤੇਜ਼ ਹੋ ਗਿਆ ਹੈ। ਸ਼ੱਕੀ ਬੌਟ ਨੈੱਟਵਰਕਾਂ, ਵੱਖ-ਵੱਖ ਇੰਟਰਨੈੱਟ ਮੰਚਾਂ ‘ਤੇ ਪ੍ਰਚਾਰ ਨੂੰ ਤੇਜ਼ ਕਰਨ ਅਤੇ ਬਿਨਾਂ ਸਬੂਤਾਂ ਵਾਲੀਆਂ ਗੱਲਾਂ ਨੂੰ ਮੁੱਖ ਧਾਰਾ ਦੇ ਮੀਡੀਆ ਅਤੇ ਸਿਆਸੀ ਬਹਿਸਾਂ ਵਿੱਚ ਲਿਆਉਣ ਲਈ ਪਹਿਲਾਂ ਨਾਲੋਂ ਕਿਤੇ ਵੱਧ ਚਲਾਕੀ ਵਰਤੀ ਜਾ ਰਹੀ ਹੈ।

World Sikh Organization Of Canada (File Photo)

ਕੈਨੇਡਾ ਦੇ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਕੂੜ-ਪ੍ਰਚਾਰ ਕੈਨੇਡੀਅਨ ਲੋਕਤੰਤਰ ਲਈ ਇੱਕ ਵੱਡਾ ਖਤਰਾ ਹੈ। ਕਮਿਸ਼ਨ ਦੀ ਅੰਤਿਮ ਰਿਪੋਰਟ ਵਿੱਚ ਕਿਹਾ ਗਿਆ ਹੈ: “ਕੈਨੇਡਾ ਵਿਰੁੱਧ ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਖ ਹਥਿਆਰ ਵਜੋਂ ਇੰਡੀਆ ਕੂੜ-ਪ੍ਰਚਾਰ ਦੀ ਵਰਤੋਂ ਕਰਦਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧਣ ਦੀ ਸੰਭਾਵਨਾ ਹੈ… ਇੰਡੀਆ ਦੀਆਂ ਇਹਨਾਂ ਹਰਕਤਾਂ ਦਾ ਮੁੱਖ ਨਿਸ਼ਾਨਾ ਕੈਨੇਡਾ ਵਿੱਚ ਵੱਸਦੇ ਲਗਭਗ ਅੱਠ ਲੱਖ ਸਿੱਖ ਹਨ, ਜਿਸ ਦਾ ਮਕਸਦ ਇੰਡੀਆ ਦੇ ਹੱਕ ਵਿੱਚ ਅਤੇ ਖਾਲਿਸਤਾਨ ਦੇ ਵਿਰੋਧ ਵਿੱਚ ਮਾਹੌਲ ਸਿਰਜਣਾ ਹੈ।”

ਰਿਪੋਰਟ ਦੱਸਦੀ ਹੈ ਕਿ ਦਿੱਲੀ ਦਰਬਾਰ ਦਾ ਕੂੜ-ਪ੍ਰਚਾਰ ਅਕਸਰ ਬੇਨਾਮ ਜਾਂ ਸ਼ੱਕੀ ਵਸੀਲਿਆਂ ਤੋਂ ਸ਼ੁਰੂ ਹੁੰਦਾ ਹੈ, ਫਿਰ ਇਹ ਤੇਜ਼ੀ ਨਾਲ ਫੈਲਦਾ ਹੈ ਜਦੋਂ ਕਈ ਅਦਾਰੇ ਇਹਨਾਂ ਦਾਅਵਿਆਂ ਨੂੰ ਦੁਹਰਾਉਂਦੇ ਹਨ ਅਤੇ ਸ਼ੱਕੀ ਬੌਟ ਨੈੱਟਵਰਕ ਇੰਟਰਨੈੱਟ ‘ਤੇ ਇਹਨਾਂ ਨੂੰ ਹਵਾ ਦਿੰਦੇ ਹਨ। ਇਹ ਝੂਠੀਆਂ ਕਹਾਣੀਆਂ ਫਿਰ ਟਿੱਪਣੀਕਾਰਾਂ, ਲੇਖਾਂ ਅਤੇ ਸੋਸ਼ਲ ਮੀਡੀਆ ਰਾਹੀਂ ਕੈਨੇਡੀਅਨ ਮੀਡੀਆ ਅਤੇ ਜਨਤਕ ਬਹਿਸਾਂ ਵਿੱਚ ਦਾਖਲ ਹੋ ਕੇ ਸੱਚੀਆਂ ਜਾਪਣ ਲੱਗ ਪੈਂਦੀਆਂ ਹਨ। ਇਹ ਮੁਹਿੰਮਾਂ ਅਕਸਰ ਵੱਡੀਆਂ ਸਿਆਸੀ ਘਟਨਾਵਾਂ ਮੌਕੇ ਤੇਜ਼ ਹੋ ਜਾਂਦੀਆਂ ਹਨ। ਇਹਨਾਂ ਰਾਹੀਂ ਸਿੱਖਾਂ ਦੇ ਸਿਆਸੀ ਹੱਕਾਂ ਦੀ ਗੱਲ ਅਤੇ ਖਾਲਿਸਤਾਨ ਨੂੰ ਅੱਤਵਾਦ, ਜਥੇਬੰਦਕ ਜੁਰਮਾਂ ਜਾਂ ਵਿਦੇਸ਼ੀ ਏਜੰਸੀਆਂ ਨਾਲ ਜੋੜ ਕੇ, ਕੈਨੇਡੀਅਨ ਸਿੱਖਾਂ ‘ਤੇ ਨਿੱਜੀ ਤੌਰ ‘ਤੇ ਗੰਭੀਰ ਦੋਸ਼ ਲਾਏ ਜਾਂਦੇ ਹਨ। ਭਾਵੇਂ ਕੈਨੇਡੀਅਨ ਅਧਿਕਾਰੀ ਝੂਠੇ ਦਾਅਵਿਆਂ ਦਾ ਖੰਡਨ ਕਰ ਦਿੰਦੇ ਹਨ, ਫਿਰ ਵੀ ਪੁਰਾਣੀਆਂ ਝੂਠੀਆਂ ਖ਼ਬਰਾਂ ਇੰਟਰਨੈੱਟ ‘ਤੇ ਮੌਜੂਦ ਰਹਿੰਦੀਆਂ ਹਨ ਅਤੇ ਲਗਾਤਾਰ ਫੈਲਾਈਆਂ ਜਾਂਦੀਆਂ ਹਨ।

WSO Releases Report on India-Linked Disinformation Targeting Sikh Canadians

ਰਿਪੋਰਟ ਵਿੱਚ ਉਭਾਰੇ ਗਏ ਮਾਮਲੇ ਰਿਪੋਰਟ ਵਿੱਚ ਕੈਨੇਡੀਅਨ ਮੀਡੀਆ ਨਾਲ ਸਬੰਧਤ ਕਈ ਖਾਸ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ:

  • ਝੂਠੀਆਂ ਖ਼ਬਰਾਂ ਫੈਲਾਈਆਂ ਗਈਆਂ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ੀ ਚਾਰ ਬੰਦਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਕੈਨੇਡੀਅਨ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਹ ਹਾਲੇ ਵੀ ਜੇਲ੍ਹ ਵਿੱਚ ਹਨ, ਜਦਕਿ ਇੰਡੀਆ ਦੇ ਵੱਡੇ ਮੀਡੀਆ ਅਦਾਰਿਆਂ ਨੇ ਇਹ ਖ਼ਬਰ ਚਲਾਈ ਸੀ ਕਿ ਕੇਸ ਖਤਮ ਹੋ ਗਿਆ ਹੈ।

  • ਸੀ ਬੀ ਐਸ ਏ ਦੇ ਸੁਪਰਡੈਂਟ ਸੰਦੀਪ “ਸੰਨੀ” ਸਿੰਘ ਸਿੱਧੂ ਨੂੰ ਝੂਠੇ ਤੌਰ ‘ਤੇ ਅੱਤਵਾਦ ਅਤੇ ਪੰਜਾਬ ਵਿੱਚ ਹੋਏ ਇੱਕ ਕਤਲ ਨਾਲ ਜੋੜਿਆ ਗਿਆ। ਸੀ ਬੀ ਐਸ ਏ ਨੇ ਜਾਂਚ ਕਰਕੇ ਉਸਨੂੰ ਬੇਕਸੂਰ ਕਰਾਰ ਦਿੱਤਾ।

  • ਨਵੰਬਰ 2024 ਵਿੱਚ ਬਰੈਂਪਟਨ ਵਿੱਚ ਸਿੱਖਾਂ ਵਿਰੁੱਧ ਹੋਈ ਹਿੰਸਾ ਤੋਂ ਬਾਅਦ ਸ਼ੱਕੀ ਬੌਟ ਨੈੱਟਵਰਕਾਂ ਨੇ ਭੜਕਾਊ ਗੱਲਾਂ ਨੂੰ ਹਵਾ ਦਿੱਤੀ। ਇੱਕ ਕੈਨੇਡੀਅਨ ਟਿੱਪਣੀਕਾਰ ਦੀ ਪੋਸਟ ਨੂੰ ਲਗਭਗ 1,800 ਸ਼ੱਕੀ ਖਾਤਿਆਂ ਰਾਹੀਂ 6,000 ਵਾਰ ਰੀਟਵੀਟ ਕੀਤਾ ਗਿਆ।

  • ਸਰੀ ਦੇ ਦੋ ਪੁਲਿਸ ਅਫਸਰਾਂ ਨੂੰ ਗਤਕਾ ਖੇਡਦਿਆਂ ਦਿਖਾ ਕੇ ਇੰਟਰਨੈੱਟ ‘ਤੇ “ਖਾਲਿਸਤਾਨੀ ਪੁਲਿਸ ਵਾਲੇ” ਕਿਹਾ ਗਿਆ ਜੋ ਕਥਿਤ ਤੌਰ ‘ਤੇ ਇੱਕ ਹਿੰਦੂ ਮੰਦਰ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ। ਇੰਡੀਆ ਦੇ ਟੀਵੀ ਚੈਨਲਾਂ ‘ਤੇ ਆਉਣ ਤੋਂ ਪਹਿਲਾਂ 370 ਤੋਂ ਵੱਧ ਸ਼ੱਕੀ ਬੌਟ ਖਾਤਿਆਂ ਨੇ ਇਸ ਦੋਸ਼ ਨੂੰ ਫੈਲਾਇਆ।

  • ਨੈਸ਼ਨਲ ਪੋਸਟ ਦੇ ਇੱਕ ਲੇਖ ਵਿੱਚ ਇੰਡੀਆ ਵੱਲੋਂ ਲਾਏ “ਨਸ਼ਾ-ਅੱਤਵਾਦ” ਦੇ ਦੋਸ਼ ਨੂੰ ਦੁਹਰਾਇਆ ਗਿਆ, ਜਿਸ ਵਿੱਚ ਪੀਲ ਪੁਲਿਸ ਦੀ ਨਸ਼ਿਆਂ ਬਾਰੇ ਜਾਂਚ ਨੂੰ ਖਾਲਿਸਤਾਨ ਨਾਲ ਜੋੜਿਆ ਗਿਆ। ਪੀਲ ਰੀਜਨਲ ਪੁਲਿਸ ਨੇ ਡਬਲਯੂ ਐਸ ਓ ਨੂੰ ਦੱਸਿਆ ਕਿ ਪ੍ਰੋਜੈਕਟ ਪੈਲੀਕਨ ਦਾ ਖਾਲਿਸਤਾਨ ਲਹਿਰ ਜਾਂ ਇੰਡੀਆ ਵਿਰੋਧੀ ਸਰਗਰਮੀਆਂ ਨਾਲ ਕੋਈ ਸਬੰਧ ਨਹੀਂ ਹੈ।

ਇਹ ਰਿਪੋਰਟ ਕੂੜ-ਪ੍ਰਚਾਰ ਨੂੰ ਸਿੱਖਾਂ ਵਿਰੁੱਧ ਨਫ਼ਰਤ ਦੇ ਵਧਦੇ ਮਾਹੌਲ ਨਾਲ ਵੀ ਜੋੜਦੀ ਹੈ। ਡਬਲਯੂ ਐਸ ਓ ਵੱਲੋਂ 1,600 ਤੋਂ ਵੱਧ ਕੈਨੇਡੀਅਨ ਸਿੱਖਾਂ ‘ਤੇ ਕੀਤੇ ਗਏ ਸਰਵੇਖਣ ਦੇ ਅੰਕੜਿਆਂ ਮੁਤਾਬਕ 80 ਫੀਸਦੀ ਦਾ ਮੰਨਣਾ ਹੈ ਕਿ ਸਿੱਖਾਂ ਵਿਰੁੱਧ ਨਫ਼ਰਤ ਅਤੇ ਵਿਤਕਰਾ ਵਧਿਆ ਹੈ। ਬਾਹਰੀ ਦਿੱਖ ਵਾਲੇ 91 ਫੀਸਦੀ ਸਿੱਖਾਂ ਨੇ ਦੱਸਿਆ ਕਿ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਿਆਸੀ ਵਿਚਾਰਾਂ ਜਾਂ ਖਾਲਿਸਤਾਨ ਦੇ ਸਮਰਥਨ ਬਾਰੇ ਸਵਾਲ ਦਾ ਜਵਾਬ ਦੇਣ ਵਾਲੇ 1,000 ਤੋਂ ਵੱਧ ਲੋਕਾਂ ਵਿੱਚੋਂ 54 ਫੀਸਦੀ ਨੇ ਕਿਹਾ ਕਿ ਉਹਨਾਂ ਨੂੰ ਇਹਨਾਂ ਵਿਚਾਰਾਂ ਕਾਰਨ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਹੈ।

ਡਬਲਯੂ ਐਸ ਓ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ: “ਹੁਣ ਇਹ ਸਵਾਲ ਨਹੀਂ ਰਿਹਾ ਕਿ ਕੈਨੇਡਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਕੂੜ-ਪ੍ਰਚਾਰ ਹੁੰਦਾ ਹੈ ਜਾਂ ਨਹੀਂ। ਕੈਨੇਡੀਅਨ ਖੁਫੀਆ ਏਜੰਸੀਆਂ, ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਅਤੇ ਆਜ਼ਾਦ ਪੱਤਰਕਾਰਾਂ ਨੇ ਇਸ ਦੇ ਸਬੂਤ ਦਿੱਤੇ ਹਨ। ਡਬਲਯੂ ਐਸ ਓ ਨੇ ਇਸ ਵਰਤਾਰੇ ‘ਤੇ ਡੂੰਘੀ ਖੋਜ ਕਰਕੇ ਇੱਕ ਵਿਸਥਾਰਤ ਰਿਪੋਰਟ ਤਿਆਰ ਕੀਤੀ ਹੈ। ਹੁਣ ਮਸਲਾ ਇਹ ਹੈ ਕਿ ਕੈਨੇਡਾ ਉਸ ਤੰਤਰ ਦਾ ਸਾਹਮਣਾ ਕਿਵੇਂ ਕਰੇਗਾ ਜੋ ਇੱਕ ਝੂਠੇ ਦੋਸ਼ ਨੂੰ ਘੜ ਕੇ, ਵੱਖ-ਵੱਖ ਮੰਚਾਂ ਅਤੇ ਮੀਡੀਆ ਰਾਹੀਂ ਫੈਲਾ ਕੇ ਅਸਲ ਕੈਨੇਡੀਅਨ ਨਾਗਰਿਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਸਕਦਾ ਹੈ।”

ਇਹ ਰਿਪੋਰਟ ਸਰਕਾਰਾਂ ਤੋਂ ਮੰਗ ਕਰਦੀ ਹੈ ਕਿ ਸਿੱਖਾਂ ਵਿਰੁੱਧ ਹੋ ਰਹੇ ਇਸ ਕੂੜ-ਪ੍ਰਚਾਰ ਨੂੰ ਕੈਨੇਡਾ ਦੀ ਵਿਦੇਸ਼ੀ ਦਖਲਅੰਦਾਜ਼ੀ ਦੀ ਵੱਡੀ ਚੁਣੌਤੀ ਦਾ ਹਿੱਸਾ ਮੰਨਿਆ ਜਾਵੇ। ਕੈਨੇਡੀਅਨ ਲੋਕਾਂ ਬਾਰੇ ਵਿਦੇਸ਼ਾਂ ਵੱਲੋਂ ਫੈਲਾਈਆਂ ਜਾਂਦੀਆਂ ਝੂਠੀਆਂ ਖ਼ਬਰਾਂ ਦਾ ਤੁਰੰਤ ਖੰਡਨ ਕਰਨ ਲਈ ਇੱਕ ਢਾਂਚਾ ਬਣਾਇਆ ਜਾਵੇ ਅਤੇ ਪ੍ਰਵਾਸੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੂਚਨਾ ਤੰਤਰ ‘ਤੇ ਸਖ਼ਤ ਨਜ਼ਰ ਰੱਖੀ ਜਾਵੇ।


ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਵਲੋਂ ਜਾਰੀ ਪੂਰੀ ਰਿਪੋਰਟ ਪੜ੍ਹੋ

Download (PDF, 5.19MB)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੈਨੇਡਾ ਦੇ ਸਿੱਖਾਂ ਖ਼ਿਲਾਫ਼ ਕੂੜ-ਪ੍ਰਚਾਰ ਬਾਰੇ ਡਬਲਯੂ. ਐਸ. ਓ. ਦੀ 2026 ਰਿਪੋਰਟ ਵਿੱਚ ਇੰਡੀਆ ਨਾਲ ਜੁੜੇ ਝੂਠੇ ਬਿਰਤਾਂਤਾਂ, ਸ਼ੱਕੀ ਬੌਟ ਨੈੱਟਵਰਕਾਂ ਅਤੇ ਕੈਨੇਡੀਅਨ ਸਿੱਖਾਂ ’ਤੇ ਪੈ ਰਹੇ ਅਸਰਾਂ ਬਾਰੇ ਵਿਸਥਾਰ
ਯੂਕੇ ਵਿੱਚ ਸਿੱਖ ਪਛਾਣ, ਹੱਕਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ‘ਦ ਸਿੱਖ ਵੋਟ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੁਹਿੰਮ ਰਾਹੀਂ ਸਿੱਖ ਮਸਲਿਆਂ ’ਤੇ ਸਿਆਸਤਦਾਨਾਂ ਦੀ ਜਵਾਬਦੇਹੀ ਤੈਅ ਕਰਨ ਅਤੇ
ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨਵੀ ਸਰਕਾਰ ਨੂੰ ਜਗਤਾਰ ਸਿੰਘ ਜੱਗੀ ਜੌਹਲ ਨੂੰ ਰਸਮੀ ਤੌਰ ’ਤੇ ਰਾਜਦੂਤੀ ਸੁਰੱਖਿਆ ਦੇਣ ਦੀ ਅਪੀਲ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਸ ਨਾਲ ਮਾਮਲਾ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਸੰਯੁਕਤ ਰਾਸ਼ਟਰ ਦੀ ੮੧ਵੀਂ ਮਹਾਸਭਾ ਦੌਰਾਨ ਸਿੱਖ ਸਵੈ-ਨਿਰਣਾ ਅਤੇ ਸਿਆਸੀ ਹੱਕਾਂ ਦਾ ਮੁੱਦਾ ਉਠਾਇਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: