ਆਪਣੇ ਉਦੇਸ਼ਾਂ ਪੱਖੋਂ ਗੁਰਦੁਆਰਾ ਸੁਧਾਰ ਤਹਿਰੀਕ ਸਿੰਘ ਸਭਾ ਲਹਿਰ ਦਾ ਹੀ ਜਾਰੀ ਅਮਲ ਸੀ। ਜਿਵੇਂ ਪਿੱਛੇ ਜ਼ਿਕਰ ਹੋ ਚੁੱਕਾ ਹੈ ਕਿ ਅਠਾਰਵੀਂ ਸਦੀ ’ਚ ਸਿੰਘਾਂ ਉਤੇ ਜ਼ੁਲਮ ਵਧਣ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਸੰਪਰਦਾਇ ਹੱਥ ਚਲਾ ਗਿਆ। ਇਸ ਨਾਲ ਗੁਰਦੁਆਰਿਆਂ ਅੰਦਰ ਗੁਰਮਤਿ ਵਿਰੋਧੀ ਰਹੁ-ਰੀਤਾਂ ਤੇ ਅਮਲ ਸ਼ੁਰੂ ਹੋ ਗਏ। ਸਿੱਖ ਰਾਜ ਵੇਲੇ ਗੁਰਦੁਆਰਿਆਂ ਦੇ ਨਾਉਂ ਵੱਡੀਆਂ ਜਾਗੀਰਾਂ ਤਾਂ ਲੱਗ ਗਈਆਂ ਪਰ ਇਨ੍ਹਾਂ ਦੇ ਪ੍ਰਬੰਧ ਲਈ ਕੋਈ ਮਰਿਆਦਾ ਤੈਅ ਨਾ ਹੋਈ। ਸਿੱਖ ਜੀਵਨ ਦੇ ਹੋਰਨਾਂ ਖੇਤਰਾਂ ਵਾਂਗ, ਗੁਰਦੁਆਰਿਆਂ ਅੰਦਰ ਵੀ ਬ੍ਰਾਹਮਣਵਾਦੀ ਪ੍ਰਭਾਵਾਂ ਦਾ ਬੋਲਬਾਲਾ ਹੋ ਗਿਆ। ਉਦਾਸੀ ਮਹੰਤਾਂ ਨੇ ਹਿੰਦੂ ਪਰੰਪਰਾ ਮੁਤਾਬਕ ਚੇਲੇ ਭਰਤੀ ਕਰਨੇ ਅਤੇ ਆਪਣੇ ਵਾਰਸ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ।