
ਲੰਡਨ (22 ਮਾਰਚ, 2015): ਯੂਨਾਈਟਿਡ ਖਾਲਸਾ ਦਲ (ਯੂ. ਕੇ.) ਦੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਜਲਦੀ ਨਵੀ ਆ ਰਹੀ ਫਿਲਮ “ਨਾਨਕ ਸ਼ਾਹ ਫਕੀਰ” ਦੇ ਮਸਲੇ ਦੀ ਗੰਭੀਰਤਾ ਅਤੇ ਨਾਜ਼ੁਕਤਾ ਨੂੰ ਸਮਝ ਕੇ ਕਾਰਵਾਈ ਕਰਦਿਆਂ ਸਾਰਥਕ ਹੱਲ ਲੱਭਣ ਤਾਂ ਕਿ ਗੁਰੂ ਸਹਿਬਾਨ ਦੇ ਸਤਿਕਾਰ ਨੂੰ ਕਿਸੇ ਤਰੀਕੇ ਕੋਈ ਸੱਟ ਨਾ ਵੱਜੇ।
ਐਮੀਨੇਸ਼ਨ ਫਿਲਮ ‘ਚਾਰ ਸਾਹਿਬਜਾਦੇ’ ਤੋਂ ਅਣਕਿਆਸੀ ਕਮਾਈ ਹੋਣ ਤੋਂ ਬਾਅਦ ਸਿੱਖ ਗੁਰੂ ਸਾਹਿਬਾਨ, ਗੁਰੂ ਪਰਿਵਾਰ ਅਤੇ ਸਿੱਖ ਸ਼ਹੀਦਾਂ ਬਾਰੇ ਫਿਲਮਾਂ ਬਣਾਉਣ ਦਾ ਰੁਝਾਨ ਇੱਕ ਦਮ ਵਧ ਗਿਆ ਹੈ । ਨਵੀਂ ਆ ਰਹੀ ਫਿਲਮ ‘ਨਾਨਕ ਸ਼ਾਹ ਫਕੀਰ’ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਫਕੀਰ ਆਖਣਾ ਤੇ ਉਹਨਾਂ ਦੀ ਅਦਾਕਾਰੀ ਕਰਨਾ ਬਹੁਤ ਹੀ ਗੰਭੀਰ ਮਸਲਾ ਹੈ ਤੇ ਜੇਕਰ ਇਸ ‘ਤੇ ਰੋਕ ਨਾ ਲੱਗੀ ਤਾਂ ਭਵਿੱਖ ਵਿੱਚ ਗੁਰੂ ਸਾਹਿਬ ਦੀ ਸ਼ਰ੍ਹੇਆਮ ਅਦਾਕਾਰੀ ਵਾਲੀਆਂ ਫਿਲਮਾਂ ਬਣਨੀਆਂ ਆਰੰਭ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਪ੍ਰਤੀ ਫਿਲਮਾਂ ਤਾਂ ਹੀ ਸਿੱਖ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨ ਦੇ ਯੋਗ ਬਣ ਸਕਦੀਆਂ ਜੇਕਰ ਉਹਨਾਂ ਵਿੱਚ ਸਿੱਖ ਸੰਘਰਸ਼ ਦਾ ਅਕਸ ਅਤੇ ਨਿਸ਼ਾਨੇ ਪ੍ਰਤੀ ਪਾਰਦਸ਼ਦਤਾ ਦਿਖਾਈ ਜਾਵੇ ਪਰ ਸ਼ਹੀਦਾਂ ਦਾ ਨਾਂਅ ਵਰਤ ਕੇ ਸਰਕਾਰ ਦਾ ਪੱਖ ਪੂਰਨ ਦਾ ਸੁਨੇਹਾ ਦੇਣ ਵਾਲੇ ਲੋਕ ਸਿੱਖ ਦੁਸ਼ਮਣਾਂ ਦੀ ਕਤਾਰ ਵਿੱਚ ਸ਼ਾਮਲ ਸਮਝੇ ਜਾਣਗੇ।