ਨਵੀਂ ਦਿੱਲੀ (11 ਸਤੰਬਰ, 2015): ਡਾਕਟਰੀ ਵਿਦਿਆ ਦੇ ਮਾਹਿਰ ਅਤੇ ਇੱਕ ਸ਼ਰਧਾਵਾਨ ਸਿੱਖ ਚਿੰਤਕ ਡਾ. ਜਸਵੰਤ ਸਿੰਘ ਨੇਕੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋੲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।ਉਨ੍ਹਾਂ ਦੀ ਮਿ੍ਤਕ ਦੇਹ ਦਾ ਸਸਕਾਰ ਕੱਲ੍ਹ 12 ਸਤੰਬਰ ਨੂੰ ਨਵੀਂ ਦਿੱਲੀ ਦੀ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਹੋਵੇਗਾ ।
ਪੀਜੀਆਈ, ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਰਹੇ , ਡਾ. ਨੇਕੀ (90 ਸਾਲ) ਦਾ ਸ਼ੁੱਕਰਵਾਰ ਬਾਅਦ ਦੁਪਹਿਰ ਉਨ੍ਹਾਂ ਦੇ ਗ੍ਰਹਿ ਵਿਖੇ ਦੇਹਾਂਤ ਹੋ ਗਿਆ। ਡਾ. ਨੇਕੀ ਸਿਹਤ ਖ਼ਰਾਬ ਹੋਣ ਕਾਰਨ ਕੁੱਝ ਸਮਾਂ ਹਸਪਤਾਲ ’ਚ ਦਾਖ਼ਲ ਵੀ ਰਹੇ। ਉਨ੍ਹਾਂ ਦੇ ਪਿੱਛੇ ਪਤਨੀ, ਇਕ ਪੁੱਤਰ ਅਤੇ ਇਕ ਧੀ ਹੈ। ਉਨ੍ਹਾਂ ਦੇ ਦੋਵੇਂ ਬੱਚੇ ਅਮਰੀਕਾ ਵਿੱਚ ਡਾਕਟਰ ਹਨ।
ਡਾ. ਨੇਕੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਉਪ ਪ੍ਰਧਾਨ ਸਨ ਅਤੇ ਸਾਰੇ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਨੇ ਸਿੱਖ ਧਰਮ ਸ਼ਾਸਤਰ ’ਤੇ ਵੀ ਕੰਮ ਕੀਤਾ। ਉਹ ਦੁਨੀਆਂ ਦੇ ਪ੍ਰਸਿੱਧ ਮਨੋਰੋਗ ਮਾਹਿਰ ਸਨ। ਉਨ੍ਹਾਂ ਨੂੰ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਸਾਹਿਤ ਅਕਾਦਮੀ ਪੁਰਸਕਾਰ ਅਤੇ ਸਾਹਿਤ ਸ਼੍ਰੋਮਣੀ ਪੁਰਸਕਾਰ ਤੋਂ ਇਲਾਵਾ ਹੋਰ ਅਨੇਕਾਂ ਅੈਵਾਰਡ ਵੀ ਮਿਲੇ। ਇਸ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਆਪਣਾ ਯੋਗਦਾਨ ਦੇ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ।
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ) ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਨੇ ਉੱਘੇ ਪੰਜਾਬੀ ਲੇਖਕ ਡਾ. ਜਸਵੰਤ ਸਿੰਘ ਨੇਕੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾ. ਨੇਕੀ ਨੇ ਪੰਜਾਬੀ ਅਧਿਆਤਮਵਾਦ ਦੇ ਖੇਤਰ ਵਿੱਚ ਨਿੱਠ ਕੇ ਕੰਮ ਕੀਤਾ ਅਤੇ ਇਸ ਖੇਤਰ ’ਚ ਉਨ੍ਹਾਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਨੂੰ ਪੰਜਾਬੀ ਕਦੇ ਵੀ ਭੁਲਾ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਡਾ. ਨੇਕੀ ਦਾ ਗੁਰਮਤਿ ਤੇ ਵਿਗਿਆਨ ਦੇ ਸਮਤੋਲ ਵਾਲਾ ਅਨੂਠਾ ਫਲਸਫ਼ਾ ਹੀ ਉਨ੍ਹਾਂ ਦੀ ਵੱਖਰੀ ਤੇ ਅਸਲ ਪਛਾਣ ਸੀ। ਉਨ੍ਹਾਂ ਕਿਹਾ ਕਿ ਇਸ ਵਿਦਵਾਨ ਦੀ ਮੌਤ ਨਾਲ ਪੰਜਾਬੀ ਸਾਹਿਤ ਤੇ ਦਰਸ਼ਨ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ।
ਉਨ੍ਹਾਂ ਵੱਲੋਂ ਲਿਖੀਆਂ ਪੁਸਤਕਾਂ ‘ਅਰਦਾਸ : ਦਰਸ਼ਨ ਰੂਪ ਤੇ ਅਭਿਆਸ’, ‘ਸਦਾ ਵਿਗਾਸ’ ਅਤੇ ‘ਅਚੇਤਨ ਦੀ ਲੀਲਾ’ ਪਾਠਕਾਂ ਦੀਆਂ ਸਿਮ੍ਰਤੀਆਂ ‘ਚ ਅਜੇ ਵੀ ਵਸੀਆਂ ਹੋਈਆਂ ਹਨ।