ਲੰਡਨ: ਜੂਨ 1984 ਦੌਰਾਨ ਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਖੂਨੀ ਘੱਲੂਘਾਰੇ ਦੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੇ ਸਤਿਕਾਰਯੋਗ ਮਾਤਾ ਜੀ ਦੇ ਅਕਾਲ ਚਲਾਣੇ ’ਤੇ ਯੂਨਾਈਟਿਡ ਖਾਲਸਾ ਦਲ ਯ. ਕੇ. ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਿੱਖਾਂ ਦੀ ਅਣਖ, ਗੈਰਤ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਵਾਲੇ, ਸਿੱਖ ਗੁਰਧਾਮਾਂ ਦੀ ਪਵਿੱਤਰਤਾ ਹਿੱਤ ਆਪਾ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਜਨਮ ਦੇਣ ਵਾਲੀਆਂ ਮਾਤਾਵਾਂ ਮਹਾਨ ਹੋਇਆ ਕਰਦੀਆਂ ਹਨ।

ਜ਼ਿਕਰਯੋਗ ਹੈ ਕਿ ਪਹਿਲੀ ਜੂਨ 1984 ਵਾਲੇ ਦਿਨ ਜਦੋਂ ਭਾਰਤੀ ਫੌਜ ਦੇ ਸੰਭਾਵੀ ਹਮਲੇ ਦੀ ਰਿਹਸਲ ਵਜੋਂ ਸੀ.ਆਰ.ਪੀ.ਐੱਫ ਵਲੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਅਤੇ ਮੋਰਚਿਆਂ ਨੂੰ ਨਿਸ਼ਾਨਾਂ ਬਣਾਉਂਦਿਆਂ ਅੰਧਾ ਧੁੰਦ ਫਾਇਰਿੰਗ ਕੀਤੀ ਗਈ ਸੀ ਤਾਂ ਸੀ.ਆਰ.ਪੀ ਐੱਫ ਦੀ ਗੋਲੀ ਨਾਲ ਗੁਰਦਵਾਰਾ ਬਾਬਾ ਅਟੱਲ ਜੀ ਦੇ ਮੋਰਚੇ ਵਿੱਚ ਤਾਇਨਾਤ ਭਾਈ ਮਹਿੰਗਾ ਸਿੰਘ ਸ਼ਹੀਦ ਹੋ ਗਏ ਸਨ।
ਯੂਨਾਈਟਿਡ ਖਾਲਸਾ ਦਲ ਯੂ. ਕੇ. ਵਲੋਂ ਪ੍ਰਧਾਨ ਸ. ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਸ. ਲਵਸ਼ਿੰਦਰ ਸਿੰਘ ਡੱਲੇਵਾਲ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਅਕਾਲ ਪੁਰਖ ਦੇ ਮਾਤਾ ਜੀ ਦੀ ਆਤਮਾ ਨੂੰ ਸਦੀਵ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸਿੱਖ ਕੌਮ ਦੀਆਂ ਸਮੂਹ ਸਤਿਕਾਰਯੋਗ ਮਾਤਾਵਾਂ ਉਹਨਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਆਪਣੇ ਬੱਚਿਆਂ ਨੂੰ ਕੌਮੀ ਯੋਧੇ ਅਤੇ ਪੂਰਨ ਗੁਰਸਿੱਖ ਬਣਾਉਣ ਲਈ ਯਤਨ ਕਰਨ। ਤਾਂ ਕਿ ਸਿੱਖ ਕੌਮ ਦਾ ਧਾਰਮਿਕ, ਰਾਜਨੀਤਕ ਅਤੇ ਸੱਭਿਆਰਚਾਰ ਪੱਖੋਂ ਪਸਾਰ ਹੋ ਸਕੇ ਅਤੇ ਸਿੱਖ ਕੌਮ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਵਲ ਵਧ ਸਕੇ।