ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਔਰਤ ਵਿੰਗ ਦੀ ਜਰਨਲ ਸਕੱਤਰ ਸੁਰਿੰਦਰ ਕੌਰ ਨੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ ਫੈਲਾਈਆਂ ਜਾ ਰਹੀਆਂ ਉਹਨਾਂ ਸਾਰੀਆਂ ਖਬਰਾਂ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ, ਜਿਨਾਂ ਮੁਤਾਬਕ ਆਮ ਆਦਮੀ ਪਾਰਟੀ ਦਿੱਲੀ ਤੋਂ ਆਏ ਆਗੂਆਂ ਵਲੋਂ ਪੰਜਾਬ ਵਿਚ ‘ਆਪ’ ਵਲੰਟੀਅਰ ਔਰਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਸੁਰਿੰਦਰ ਕੌਰ ਨੇ ਅੱਜ (ਸ਼ਨੀਵਾਰ) ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਅਜਿਹੇ ਝੂਠੇ ਇਲਜ਼ਾਮ ਅਜਿਹੇ ਲੋਕਾਂ ਵਲੋਂ ਲਗਾਏ ਜਾ ਰਹੇ ਹਨ ਜੋ ਪਾਰਟੀ ਵਿਚ ਸਿਰਫ ਟਿਕਟਾਂ ਲੈਣ ਲਈ ਸ਼ਾਮਲ ਹੋਏ ਸਨ ਅਤੇ ਜਦ ਉਹਨਾਂ ਨੂੰ ਟਿਕਟਾਂ ਨਾ ਮਿਲੀਆ ਤਾਂ ਉਹਨਾਂ ਨੇ ਪਾਰਟੀ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿਤਾ। ਉਹਨਾਂ ਇਸਨੂੰ ਵਿਰੋਧੀ ਪਾਰਟੀ ਅਕਾਲੀ ਦਲ ਅਤੇ ਬੀਜੇਪੀ ਦੀ ਸਾਜਿਸ਼ ਕਰਾਰ ਦਿਤਾ।

ਸੁਰਿੰਦਰ ਕੌਰ ਨੇ ਪੰਜਾਬ ਦੇ ਸੱਤਾਧਾਰੀ ਅਕਾਲੀ ਦਲ ‘ਤੇ ਹਮਲਾ ਕਰਦਿਆਂ ਕਿਹਾ ਕਿ ਹੁਕਮਰਾਨ ਧਿਰ ਜੋ ਖੁਦ ਫਰੀਦਕੋਟ ਸ਼ਰੂਤੀ ਕਾਂਡ ਦੇ ਦੋਸ਼ੀਆਂ ਨਾਲ ਸਿੱਧੇ ਸਬੰਧ ਰੱਖਣ ਵਾਲੀ ਹੈ। ਇਸ ਤੋਂ ਬਿਨਾਂ ਅੰਮ੍ਰਿਤਸਰ ਯੂਥ ਅਕਾਲੀ ਦਲ ਦੇ ਆਗੂ ਵਲੋਂ ਲੜਕੀ ਨਾਲ ਛੇੜਖਾਨੀ ਕਰਨ ਤੇ ਜਦ ਉਸਦੇ ਇੰਸਪੈਕਟਰ ਪਿਤਾ ਨੇ ਆਪਣੀ ਧੀ ਦਾ ਬਚਾਅ ਕੀਤਾ ਤਾਂ ਉਸਨੂੰ ਮਾਰ ਦਿਤਾ ਗਿਆ ਸੀ। ਇਹ ਵੀ ਕਿਸੇ ਨੂੰ ਭੁਲਿਆ ਨਹੀਂ ਕਿ ਆਰੋਪੀ ਕਿਹੜੀ ਸਿਆਸੀ ਪਾਰਟੀ ਨਾਲ ਸਬੰਧ ਰਖਦਾ ਸੀ। ਸੁਰਿੰਦਰ ਕੌਰ ਨੇ ਉਸ ਘਟਨਾ ਦਾ ਵੀ ਜ਼ਿਕਰ ਕੀਤਾ ਜਿਸ ‘ਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ‘ਚ ਸਕੂਲ ਤੋਂ ਆ ਰਹੀਆਂ ਕੁੜੀਆਂ ‘ਤੇ ਤਜ਼ਾਬ ਨਾਲ ਹਮਲਾ ਕਰ ਦਿਤਾ ਗਿਆ ਸੀ।
ਪੰਜਾਬ ਦੀਆ ਧੀਆਂ ਦੀ ਬਹਾਦਰੀ ਦੀ ਮਿਸਾਲ ਦਿੰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਮਾਈ ਭਾਗੋ, ਬੀਬੀ ਸਾਹਿਬ ਕੌਰ , ਬੀਬੀ ਗੁਰਸ਼ਰਨ ਕੌਰ , ਬੀਬੀ ਗੁਲਾਬ ਕੌਰ ਦੀਆਂ ਵਾਰਸ ਹਨ। ਸੁਰਿੰਦਰ ਕੌਰ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਪੰਜਾਬ ਦੀਆਂ ਬਹਾਦਰ ਧੀਆਂ ਉਤੇ ਸੌੜੀ ਸੋਚ ਵਾਲੀ ਸਿਆਸਤ ਨਾ ਕੀਤੀ ਜਾਵੇ। ਬਲਕਿ ਪੰਜਾਬ ਦੇ ਅਸਲ ਮੁੱਦਿਆਂ ਬੇਰੋਜ਼ਗਾਰੀ, ਨਸ਼ੇ, ਸਿਖਿਆ, ਔਰਤਾਂ ‘ਤੇ ਹੋ ਰਹੇ ਅਤਿਆਚਾਰ ਜਿਹੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ‘ਤੇ ਗੱਲ ਹੋਣੀ ਚਾਹੀਦੀ ਹੈ।