ਲੁਧਿਆਣਾ (ਨਵੰਬਰ 03, 2013): ਪੰਜਾਬੀ ਦੇ ਉੱਭਰਦੇ ਅਖਬਾਰ ਰੋਜਾਨਾ ਪਹਿਰੇਦਾਰ ਅਨੁਸਾਰ ਨਵੰਬਰ 1984 ਵਿਚ ਹੋਈ ਸਿੱਖ ਨਸਲਕੁਸ਼ੀ ਦੀ 29ਵੀ ਵਰੇਗੰਢ ਮੌਕੇ 3 ਨਵੰਬਰ ਨੂੰ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਹ ਫੈਸਲਾ ਸਿੱਖ ਜੱਥੇਬੰਦੀਆਂ ਵੱਲੋ ਸਾਂਝੇ ਰੂਪ ਵਿਚ ਲਿਆ ਗਿਆ ਹੈ। ਦੀਵਾਲੀ ਵਾਲੇ ਦਿਨ ਸਮੂਚੇ ਵਿਸ਼ਵ ਨੂੰ ਇਹ ਦੱਸਣ ਲਈ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਪੀੜਾਂ ਅੱਜ ਵੀ ਸਿੱਖ ਮਨਾਂ ਵਿਚ ਉਸੇ ਤਰ੍ਹਾਂ ਬਰਕਰਾਰ ਹੈ ਅਤੇ ਅੱਲ੍ਹੇ ਜ਼ਖ਼ਮ ਰਿਸ ਰਹੇ ਹਨ।
ਸਮੂਚੇ ਸਿੱਖਾਂ ਵੱਲੋਂ 3 ਨਵੰਬਰ ਨੂੰ ਰੋਸ ਦੇ ਪ੍ਰਗਟਾਵੇ ਲਈ ਪ੍ਰਤੀਕ ਵਜੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਮਨੁੱਖੀ ਚੇਨ ਬਣਾ ਕੇ ਰੋਸ ਪ੍ਰਗਟਾਵਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਰੋਸ ਪ੍ਰਗਟਾਵੇ ਜ਼ਿਲ੍ਹਾ ਪੱਧਰ ਤੇ ਕੀਤੇ ਜਾਣਗੇ।
ਡਾ. ਅਰਵਿੰਦਰਪਾਲ ਸਿੰਘ ਨੇ ਸਾਨੂੰ ਦੱਸਿਆ ਕਿ ਲੁਧਿਆਣਾ ਵਿਖੇ ਸਮੂੱਚੀਆਂ ਸਿੱਖ ਜੱਥੇਬੰਦੀਆਂ ਵੱਲੋਂ ਜਗਰਾਊਂ ਪੁੱਲ ਤੋ ਸਵੇਰੇ 11 ਵਜੇ ਤੋਂ ਲੈ ਕੇ 11.30 ਵਜੇ ਤਕ ਮਨੁੱਖੀ ਚੇਨ ਬਣਾ ਕੇ ਰੋਸ ਪ੍ਰਗਟਾਵਾ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਸਮੁੱਚੇ ਪੰਥ ਦਰਦੀਆਂ ਨੂੰ ਸੱਦਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਨਵੰਬਰ 1984 ਵਿਚ ਭਾਰਤ ਭਰ ਅੰਦਰ ਵਾਪਰੇ ਕਤਲੇਆਮ ਵਿਚ ਸਿੱਖਾਂ ਨਸਲਕੁਸ਼ੀ ਦੀ ਭਾਵਨਾ ਤੋਂ ਪ੍ਰੇਰਿਤ ਭਿਆਨਕ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਕਤਲ ਕੀਤੇ ਗਏ ਅਤੇ ਬੜੀ ਵੱਡੀ ਪੱਧਰ ਉੱਤੇ ਸਿੱਖਾਂ ਨੂੰ ਉਜਾੜਿਆ ਗਿਆ। ਇਸ ਮਹਾਂਨਾਸ ਨੂੰ ਵਾਪਰਿਆਂ ਤਿੰਨ ਦਹਾਕੇ ਬੀਤ ਚੱਲੇ ਹਨ ਪਰ ਫਿਰ ਵੀ ਨਾ ਦੋਸ਼ੀਆਂ ਨੂੰ ਸਜਾਵਾਂ ਮਿਲੀਆਂ ਹਨ ਤੇ ਨਾ ਹੀ ਪੀੜਤਾਂ ਨੂੰ ਇਨਸਾਫ ਮਿਲਿਆ ਹੈ। ਇਸ ਵਰਤਾਰੇ ਵਿਰੁਧ ਅਜੋਕੀ ਸਿੱਖ ਪੀੜ੍ਹੀ ਵਿਚ ਰੋਸ ਦੀ ਭਾਵਨਾ ਹਰ ਵਰ੍ਹੇ ਹੋਰ ਵੀ ਪ੍ਰਚੰਡ ਹੁੰਦੀ ਜਾ ਰਹੀ ਹੈ।